
ਅਣ-ਅਧਿਕਾਰਤ ਟਰੈਵਲ ਏਜੰਟਾਂ ਦੇ ਗਿਰੋਹ ਦਾ ਪਰਦਾਫਾਸ਼
536 ਪਾਸਪੋਰਟਾਂ ਸਮੇਤ 4 ਟਰੈਵਲ ਏਜੰਟਾਂ ਗ੍ਰਿਫ਼ਤਾਰ—ਪੁਲਿਸ ਕਮਿਸ਼ਨਰ ਜੀਐਸ ਸੰਧੂ
ਗਲੋਬਲ ਆਜਤੱਕ ਜਲੰਧਰ
ਅਣ-ਅਧਿਕਾਰਤ ਟਰੈਵਲ ਏਜੰਟਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਵੱਲੋਂ ਅੱਜ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਦੇ ਕਬਜ਼ੇ ‘ਚੋਂ 536 ਪਾਸਪੋਰਟਾਂ ਤੋਂ ਇਲਾਵਾ 49000 ਰੁਪਏ ਦੀ ਨਕਦੀ, ਇਕ ਲੈਪਟਾਪ ਅਤੇ ਤਿੰਨ ਕੰਪਿਊਟਰ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ (ਐਸਓਯੂ) ਨੂੰ ਮੁਲਜ਼ਮਾਂ ਵੱਲੋਂ ਕੀਤੀਆਂ ਜਾ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਸਬੰਧੀ ਇਤਲਾਹ ਮਿਲੀ ਸੀ, ਜਿਸ ’ਤੇ ਏਸੀਪੀ ਅਸ਼ੋਕ ਕੁਮਾਰ, ਐੱਸਓਯੂ ਦੇ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਦੀ ਅਗਵਾਈ ‘ਚ ਟੀਮ ਨੇ ਇਨ੍ਹਾਂ ਏਜੰਸੀਆਂ ਵੀਵੀ ਓਵਰਸੀਜ਼, ਲੈਂਡਮੇਜ਼ ਓਵਰਸੀਜ਼ ਨੇੜੇ ਸਥਾਨਕ ਬੱਸ ਸਟੈਂਡ, ਅਲਫਾ ਅਸਟੇਟ ਵਿੱਚ ਪੰਜਾਬ ਟੂ ਅਬਰੌਡ ਕੰਸਲਟੈਂਸੀ, ਗ੍ਰੈਂਡ ਮਾਲ ਵਿੱਚ ਵਰਲਡ-ਵਾਈਡ ਓਵਰਸੀਜ਼ ਅਤੇ ਫੁੱਟਬਾਲ ਚੌਕ ਨੇੜੇ ਬੀਐਮ ਟਾਵਰ ਵਿੱਚ ਵੀਜ਼ਾ ਸਿਟੀ ਕੰਸਲਟੈਂਸੀ ’ਤੇ ਨਜ਼ਰ ਰੱਖੀ। ਮੁਲਜ਼ਮਾਂ ਦੀ ਪਛਾਣ ਮਹਾਵੀਰ ਜੈਨ ਕਲੋਨੀ ਦੇ ਨਿਤਿਨ, ਨਿਊ ਕਰਮਸਰ ਕਲੋਨੀ ਦੇ ਅਮਿਤ ਸ਼ਰਮਾ, ਲਾਲ ਕੋਠੀ ਹੈਬੋਵਾਲ ਦੇ ਸਾਹਿਲ ਘਈ ਅਤੇ ਗੁਰੂ ਗੋਬਿੰਦ ਸਿੰਘ ਨਗਰ ਲੁਧਿਆਣਾ ਦੇ ਤਜਿੰਦਰ ਸਿੰਘ ਵਜੋਂ ਹੋਈ।
ਪੁਲਿਸ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਵੀਵੀ ਓਵਰਸੀਜ਼ ਵਿਖੇ ਛਾਪਾ ਮਾਰ ਕੇ ਅਮਿਤ, ਨਿਤਿਨ ਅਤੇ ਸਾਹਿਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਵੱਲੋਂ ਤਜਿੰਦਰ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਏਜੰਸੀਆਂ ’ਚੋਂ 536 ਭਾਰਤੀ ਪਾਸਪੋਰਟ ਅਤੇ 49000 ਰੁਪਏ ਦੀ ਨਕਦੀ, ਲੈਪਟਾਪ, ਕੰਪਿਊਟਰ ਸੈੱਟ ਆਦਿ ਬਰਾਮਦ ਕੀਤੇ।
ਪੁਲਿਸ ਕਮਿਸ਼ਨਰ, ਜਿਨ੍ਹਾਂ ਨਾਲ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਵੀ ਮੌਜੂਦ ਸਨ, ਸੀਪੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਤਿਨ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 104 ਅਪਰਾਧਿਕ ਕੇਸ ਚੱਲ ਰਹੇ ਹਨ। ਇਸੇ ਤਰ੍ਹਾਂ ਤਜਿੰਦਰ ਖ਼ਿਲਾਫ਼ ਵੀ ਅੱਠ ਕੇਸ ਪਹਿਲਾਂ ਦਰਜ ਹਨ। ਅਮਿਤ ਅਤੇ ਸਾਹਿਲ ‘ਤੇ ਵੀ ਕ੍ਰਮਵਾਰ ਚਾਰ ਅਤੇ ਤਿੰਨ ਅਪਰਾਧਿਕ ਮਾਮਲੇ ਦਰਜ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420, 120-ਬੀ ਅਤੇ ਪੀਟੀਪੀਆਰ ਐਕਟ 2014 ਦੀ 13 ਤਹਿਤ ਨਵੀਂ ਬਾਰਾਦਰੀ ਥਾਣਾ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ।



