
ਅਧਿਆਪਕਾਂ ਨੂੰ ਤਨਖ਼ਾਹ ਘੱਟ ਦੇਣ ਦੀ ਨਿਖੇਧੀ ਕੀਤਾ ਰੋਸ ਪ੍ਰਦਰਸ਼ਨ
ਸੂਬਾ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਬੀਕੇ ਮਹਿਮੀ ਦੀ ਅਗਵਾਈ ਵਿੱਚ ‘ਤੇ ਜ਼ਿਲ੍ਹਾ ਪ੍ਰਧਾਨ ਪਵਨ ਮਸੀਹ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਾਇਮਰੀ ਅਧਿਆਪਕਾਂ ਨੂੰ ਗਲਤ ਅਤੇ ਘੱਟ ਸਕੇਲਾਂ ਆਧਾਰਿਤ ਪੰਜਾਬ ਦੇ ਅਧਿਆਪਕਾਂ ਦੀ ਤਨਖ਼ਾਹ ਸਬੰਧੀ ਕੀਤੇ ਨੋਟੀਫਿਕੇਸ਼ਨ ਖ਼ਿਲਾਫ਼ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪਿਛਲੇ ਤਨਖ਼ਾਹ ਕਮਿਸ਼ਨ ਵਲੋਂ ਮੁਲਾਜ਼ਮਾਂ ਦੀ 21 ਅਪ੍ਰੈਲ 2009 ਵਿੱਚ ਰਿਪੋਰਟ ਜਾਰੀ ਕਰਦਿਆਂ, ਅਧਿਆਪਕਾਂ ਦੇ ਪੇ ਸਕੇਲਾਂ ਵਿਚ ਟਾਈਪੋਗ੍ਰਾਫੀਕਲ ਗ਼ਲਤੀ ਹੋ ਗਈ ਸੀ, ਜਿਸ ਵਿੱਚ ਹੋਰਨਾਂ ਕੈਟਾਗਰੀਆਂ ਦੇ ਨਾਲ ਪ੍ਰਾਇਮਰੀ, ਐਲੀਮੈਂਟਰੀ ਅਧਿਆਪਕਾਂ, ਹੈੱਡ ਟੀਚਰ ਦੇ ਜਾਰੀ ਹੋਈਆਂ ਪੇ ਬੈਂਡ 5910-20200,3000 ਸਹੀ ਨਹੀਂ ਸੀ,ਜਦ ਕਿ ਸਹੀ ਤਨਖਾਹ ਸਕੇਲ 10300-34800 4200 ਹੈ । ਇਸੇ ਤਰ੍ਹਾਂ ਸੈਂਟਰ ਹੈੱਡ ਟੀਚਰ ਅਤੇ ਬੀਪੀਈਓ ਦਾ ਗ੍ਰੇਡ ਪੇ 3600 ਅਤੇ 4200 ਵੀ ਸਹੀ ਨਹੀਂ ਸੀ। ਇਹ ਲੜੀਵਾਰ 4600 ਅਤੇ 5000 ਸੀ। ਇਹ ਟਾਈਪੋਗ੍ਰਾਫਿਕਲ ਗ਼ਲਤੀਆਂ ਉਸੇ ਦਿਨ ਹੀ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ। ਜਿਸ ਨੂੰ ਤਨਖ਼ਾਹ ਕਮਿਸ਼ਨ ਵੱਲੋਂ ਗ਼ਲਤੀਆਂ ਮੰਨਦਿਆਂ ਉਸੇ ਦਿਨ ਹੀ ਦਰੁਸਤੀ ਪੱਤਰ ਜਾਰੀ ਕਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੁਲਾਜ਼ਮਾਂ ਮਾਰੂ ਫ਼ੈਸਲਾ ਲੈਂਦਿਆਂ ਕੇਂਦਰੀ ਤਨਖ਼ਾਹ ਸਕੇਲ ਥੋਪਣ ਜਾਰੀ ਹੈ। ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਜੋਗਿੰਦਰ ਸਿੰਘ ਜੋਗੀ, ਅਮਨਦੀਪ ਸਿੰਘ ਭੰਗੂ, ਅਸ਼ੋਕ ਕੁਮਾਰ, ਚਿਮਨ ਲਾਲ, ਬਲਜੀਤ ਸਿੰਘ ਤੱੱਲੵਣ, ਰਵਿੰਦਰ ਕੁਮਾਰ, ਸੋਨੂੰ ਭਗਤ, ਨਰਿੰਦਰ ਕੁਮਾਰ, ਸੰਦੀਪ ਸੰਧੂ, ਵਿਨੋਦ ਕੁਮਾਰ, ਗੁਰਜੀਤ ਢਿੱਲੋਂ, ਸੰਜੀਵ ਸ਼ਰਮਾ, ਸੁਖਵਿੰਦਰ ਦੁੱਗਲ, ਅਰਵਿੰਦਰ ਸ਼ਰਮਾ, ਨਰੇਸ਼ ਖਿੱਚੀਪੁਰ, ਸੁਖਵਿੰਦਰ ਸਿੰਘ ਖਰਲਾਂ, ਰਾਮਪਾਲ ਸਰਮਸਤਪੁਰ, ਨਰੇਸ਼ ਕੁਮਾਰ ਪਾਲ, ਜਸਵਿੰਦਰ ਸਾਂਪਲਾ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ।



