
ਸਕੱਤਰ ਆਰਟੀਏ ਜਲੰਧਰ ਵਜੋਂ ਅਹੁਦਾ ਸੰਭਾਲਿਆ ਅਮਿਤ ਮਹਾਜਨ ਨੇ
ਜਲੰਧਰ 4 ਅਕਤੂਬਰ (ਅਮਰਜੀਤ ਸਿੰਘ ਲਵਲਾ)
2012 ਬੈਚ ਦੇ ਪੀਸੀਐਸ ਅਧਿਕਾਰੀ ਅਮਿਤ ਮਹਾਜਨ ਨੇ ਅੱਜ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ, ਜਲੰਧਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਬਤੌਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਗੁਰਦਾਸਪੁਰ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਉਹ ਐਸਡੀਐਮ ਮੁਕੇਰੀਆਂ ‘ਤੇ ਐਸਡੀਐਮ ਹੁਸ਼ਿਆਰਪੁਰ ਵਜੋਂ ਵੀ ਤਾਇਨਾਤ ਰਹਿ ਚੁੱਕੇ ਹਨ।
ਸੋਮਵਾਰ ਨੂੰ ਆਪਣੇ ਦਫ਼ਤਰ ਵਿਖੇ ਅਹੁਦਾ ਸੰਭਾਲਣ ਉਪਰੰਤ ਮਹਾਜਨ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਦਫ਼ਤਰ ਦੇ ਕੰਮਕਾਜ ਨੂੰ ਹੋਰ ਚੁਸਤ-ਦਰੁੱਸਤ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਉਨ੍ਹਾਂ ਵਿਭਾਗ ਦੇ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਤੋਂ ਪਹਿਲਾਂ ਸਟਾਫ਼ ਵੱਲੋਂ ਸਕੱਤਰ ਆਰਟੀਏ ਦਾ ਅਹੁਦਾ ਸੰਭਾਲਣ ਮੌਕੇ ਨਿੱਘਾ ਸਵਾਗਤ ਕੀਤਾ ਗਿਆ।



