
*ਬਿਜਲੀ ਦੇ ਲੰਬੇ ਕੱਟਾਂ ‘ਤੇ ਸੂਬੇ ਵਿੱਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਲੋਕ*
*ਲੋਕਾਂ ਦੀ ਆਵਾਜ਼ ਭਗਵੰਤ ਮਾਨ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਭਾਜਪਾ ਪੰਜਾਬ ਭਰ ਦੇ ਸਾਰੇ ਡੀਸੀ ਦਫਤਰਾਂ ਅੱਗੇ 5 ਮਈ ਨੂੰ ਕਰੇਗੀ ਪ੍ਰਦਰਸ਼ਨ—ਗੁਪਤਾ*
ਜਲੰਧਰ *ਗਲੋਬਲ ਆਜਤੱਕ*
ਪੰਜਾਬ ਵਿੱਚ ਤਪਦੀ ਗਰਮੀ ਤੋਂ ਪੀੜਤ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਭਗਵੰਤ ਮਾਨ ਸਰਕਾਰ ਲੋਕਾਂ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ‘ਚ 12 ਤੋਂ 14 ਘੰਟੇ ਦੇ ਬਿਜਲੀ ਕੱਟ ਲਾ ਰਹੀ ਹੈ, ਜਿਸ ਕਾਰਨ ਨਾ ਸਿਰਫ ਆਮ ਲੋਕ ਪਰੇਸ਼ਾਨ ਹਨ, ਸਗੋਂ ਇਨ੍ਹਾਂ ਬਿਜਲੀ ਕੱਟਾਂ ਤੋਂ ਦੁਖੀ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਅਤੇ ਵਖ-ਵਖ ਜਿਲਿਆਂ ਦੀਆਂ ਸੜਕਾਂ ‘ਤੇ ਧਰਨੇ-ਪ੍ਰਦਰਸ਼ਨ ਵੀ ਸ਼ੁਰੂ ਕਰ ਦਿੱਤੇ ਹਨ। ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਦੀ ਅਵਾਜ਼ ਨੂੰ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ‘ਤੇ ਭਾਜਪਾ ਵਰਕਰ ਜਨਤਾ ਦੇ ਸਹਿਯੋਗ ਨਾਲ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਅੱਗੇ 5 ਮਈ ਨੂੰ ਧਰਨੇ-ਪ੍ਰਦਰਸ਼ਨ ਕਰੇਗੀ। ਇਹ ਜਾਣਕਾਰੀ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਜੀਵਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਡੇਢ ਮਹੀਨੇ ਤੋਂ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੋੜੀ ਦੇ ਡਰਾਮੇ ਹੀ ਦੇਖ ਰਹੇ ਹਨ। ਭਗਵੰਤ ਮਾਨ ਅਤੇ ਕੇਜਰੀਵਾਲ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਅਤੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਦੋਵੇਂ ਸੱਤਾ ਸੰਭਾਲਦੇ ਹੀ ਆਪਣੇ ਵਾਅਦੇ ਤੋਂ ਮੁੱਕਰ ਗਏI ਜਨਤਾ ਨੂੰ ਮੁਫਤ ਜਾਂ ਨਿਰਵਿਘਨ ਬਿਜਲੀ ਮਿਲਣੀ ਤਾਂ ਦੂਰ ਜੋ ਮਿਲ ਰਹੀ ਸੀ ਉਸ ਤੋਂ ਵੀ ਹੱਥ ਧੋਣੇ ਪੈ ਗਏ ਹਨ। ਅੱਜ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ 12 ਤੋਂ 14 ਘੰਟੇ ਦੇ ਲੰਬੇ ਬਿਜਲੀ ਕੱਟ ਲੱਗ ਰਹੇ ਹਨ। ਉਪਰੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਕੜਾਕੇ ਦੀ ਗਰਮੀ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਅਜਿਹੇ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਲਗਾਏ ਜਾ ਰਹੇ ਬਿਜਲੀ ਕੱਟਾਂ ਨੇ ਲੋਕਾਂ ਦਾ ਤੇਲ ਕੱਢ ਦਿੱਤਾ ਹੈ। ਕਿਸਾਨਾਂ ਨੇ ਬਿਜਲੀ ਦੀ ਸੁਚਾਰੁ ਸਪਲਾਈ ਦੀ ਮੰਗ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਅਤੇ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਦੁਖੀ ਜਨਤਾ ਅਤੇ ਕਿਸਾਨਾਂ ਦੀ ਆਵਾਜ਼ ਭਗਵੰਤ ਮਾਨ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਭਾਰਤੀ ਜਨਤਾ ਪਾਰਟੀ ਆਪਣੀ ਵਿਰੋਧੀ ਧਿਰ ਦੀ ਭੂਮਿਕਾ ਜ਼ਰੂਰ ਨਿਭਾਏਗੀ।
ਜੀਵਨ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ 5 ਮਈ ਨੂੰ ਸਵੇਰੇ 10ਵਜੇ ਪੂਰੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵਿਰੁੱਧ ਜ਼ਿਲ੍ਹਾ ਪੱਧਰੀ ਧਰਨੇ-ਪ੍ਰਦਰਸ਼ਨ ਕਰੇਗੀ। ਇਸ ਦੇ ਲਈ ਸੂਬਾ ਭਾਜਪਾ ਵੱਲੋਂ ਨਿਯੁਕਤ ਕੀਤੇ ਇੰਚਾਰਜ ਵੀ ਜਿਲਿਆਂ ‘ਚ ਮੌਜੂਦ ਰਹਿਣਗੇ। ਭਾਰਤੀ ਜਨਤਾ ਪਾਰਟੀ ਆਪਣੇ ਵਿਰੋਧੀ ਦੀ ਭੂਮਿਕਾ ਨਿਭਾਉਂਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਏਗੀ। ਗੁਪਤਾ ਨੇ ਕਿਹਾ ਕਿ ਜੇਕਰ ਪੰਜਾਬ ‘ਚ ਬਿਜਲੀ ਦੇ ਕੱਟ ਇਸੇ ਤਰ੍ਹਾਂ ਜਾਰੀ ਰਹੇ ਤਾਂ ਜਨਾਤ ਨੂੰ *ਜਿਹੜੇ 600 ਯੂਨਿਟ ਮੁਫਤ* ਮਿਲਨੇ ਹਨ, ਉਹ ਆਉਣ ਵਾਲੀ ਦੀਵਾਲੀ ਤੱਕ ਵੀ ਪੂਰੇ ਨਹੀਂ ਹੋਣਗੇ।
ਜੀਵਨ ਗੁਪਤਾ ਨੇ ਕਿਹਾ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਹੋਵੇ ਜਾਂ ਪੰਜਾਬ ਵਿੱਚ ਭਗਵੰਤ ਮਾਨ, ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਆਪਣੀਆਂ ਨਾਕਾਮੀਆਂ ਲਈ ਭਾਜਪਾ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ। ਗੁਪਤਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਇਹ ਦੱਸਣ ਕਿ ਜੇਕਰ ਪਟਿਆਲਾ ਹਿੰਸਾ ਦੇ ਦੋਸ਼ੀ ਭਾਜਪਾ ਅਤੇ ਕਾਂਗਰਸ ਵਲੋਂ ਸਮਰਥਤ ਸਨ ਤਾਂ ਸ਼ੁਰੂ ਤੋਂ ਹੀ ਖਾਲਿਸਤਾਨੀਆਂ ਨਾਲ ਸਬੰਧਾਂ ਦੇ ਦੋਸ਼ਾਂ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਅਜੇ ਤੱਕ ਉਸ ਸੰਬੰਧੀ ਕੋਈ *ਸਪੱਸ਼ਟੀਕਰਨ ਜਨਤਾ ਨੂੰ ਕਿਉਂ ਨਹੀਂ ਦਿੱਤਾ ਗਿਆ?* ਜਦੋਂ ਖਾਲਿਸਤਾਨੀ ਪੰਨੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਚੋਣਾਂ ਜਿੱਤਣ ਲਈ ਫ੍ਨ੍ਡਿੰਗ ਅਤੇ ਮਦਦ ਦਿੱਤੀ ਗਈ ਹੈ ਤਾਂ *ਕੇਜਰੀਵਾਲ ਅਤੇ ਭਗਵੰਤ ਮਾਨ ਮੂੰਹ ਕਿਉਂ ਲੁਕਾ ਰਹੇ ਹਨ?* ਦੋਵਾਂ ਨੂੰ ਜਨਤਾ ਦੇ ਸਾਹਮਣੇ ਸਪੱਸ਼ਟੀਕਰਨ ਦੇਣਾ ਪਵੇਗਾ।



