
ਆਕਸੀਜਨ ਆਡਿਟ ਨੇ ਸਿਵਲ ਹਸਪਤਾਲ ਵਿੱਚ ਇਸ ਜੀਵਨ ਰੱਖਿਅਕ ਗੈਸ ਦੀ ਖਪਤ ਨੂੰ 47.8 ਫੀਸਦੀ ਘਟਾਇਆ-ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ
ਪਿਛਲੇ ਤਿੰਨ ਦਿਨਾਂ ਤੋਂ 410 ਦੇ ਮੁਕਾਬਲੇ ਹੁਣ ਸਿਰਫ਼ ਵਰਤੇ ਜਾ ਰਹੇ-214 ਸਿਲੰਡਰ
ਜਲੰਧਰ (ਅਮਰਜੀਤ ਸਿੰਘ ਲਵਲਾ/ਇੰਦਰਜੀਤ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਿਵਲ ਹਸਪਤਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕੀਤੇ ਗਏ, ਆਕਸੀਜਨ ਆਡਿਟ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ, ਜਿਸ ਸਦਕਾ ਹਸਪਤਾਲ ਪਿਛਲੇ ਤਿੰਨ ਦਿਨਾਂ ਵਿੱਚ ਆਕਸੀਜਨ ਦੀ ਖਪਤ ਨੂੰ 47.8 ਫੀਸਦੀ ਘਟਾਉਣ ਵਿੱਚ ਸਫ਼ਲ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੁਰਵਰਤੋਂ ਨੂੰ ਘੱਟ ਕਰਨ, ਲੀਕੇਜ ‘ਤੇ ਅੰਤਰਾਲ ਨੂੰ ਦੂਰ ਕਰਨਾ ਕੁਝ ਮਹੱਤਵਪੂਰਨ ਕਦਮ ਹਨ, ਜੋ ਇਸ ਜੀਵਨ ਰੱਖਿਅਕ ਗੈਸ ਦੀ ਸਰਬਓਤਮ ਵਰਤੋਂ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਦੱਸਿਆ ਕਿ ਆਡਿਟ ਦੌਰਾਨ ਸਾਰੀਆਂ ਸਪਲਾਈ ਲਾਈਨਾਂ ਦੀ ਜਾਂਚ ਕੀਤੀ ਗਈ, ‘ਤੇ ਲੀਕੇਜ ਤੁਰੰਤ ਠੀਕ ਕੀਤੀ ਗਈ। ਇਸੇ ਤਰ੍ਹਾਂ ਹਸਪਤਾਲ ਵਿਚ ਵਰਤੇ ਜਾ ਰਹੇ ਹਰੇਕ ਸਿਲੰਡਰ ਦਾ ਰਿਕਾਰਡ ਲੈਣ ਲਈ ਲਾਗ ਬੁੱਕ ਲਗਾਉਣ ਤੋਂ ਇਲਾਵਾ ਸਖ਼ਤ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
ਵਿਸ਼ੇਸ਼ ਸਾਰੰਗਲ ਨੇ ਅੱਗੇ ਦੱਸਿਆ ਕਿ ਹਸਪਤਾਲ ਵਿੱਚ ਕੈਪਟਿਵ ਆਕਸੀਜਨ ਪਲਾਂਟ ਦੀ ਵਰਤੋਂ ਘੱਟ ਪਾਈ ਗਈ, ਇਸ ਲਈ ਉੱਚ ਆਕਸੀਜਨ ਦੀ ਮੰਗ ਵਾਲੇ ਮਰੀਜ਼ਾਂ ਨੂੰ ਪਲਾਂਟ ਰਾਹੀਂ ਉਤਪਾਦਿਤ ਆਕਸੀਜਨ ‘ਤੇ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਕਦਮ ਹਸਪਤਾਲ ਵਿਚ ਆਕਸੀਜਨ ਦੀ ਮੰਗ ਨੂੰ 410 ਤੋਂ ਘਟਾ ਕੇ ਰੋਜ਼ਾਨਾ 214 ਸਿਲੰਡਰ ਕਰਨ ਵਿੱਚ ਸਹਾਇਕ ਸਿੱਧ ਹੋਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕਰਨ ਤੋਂ ਇਲਾਵਾ ਡਾ. ਗੁਰਮੀਤ ‘ਤੇ ਐਸਡੀਓ ਸਾਇਲ ਕੰਜ਼ਰਵੇਸ਼ਨ ਲੁਪਿੰਦਰ ਸਮੇਤ ਆਡਿਟ ਟੀਮ ਦੇ ਸਮੁੱਚੇ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਇਸ ਆਡਿਟ ਨੂੰ ਸਫ਼ਲ ਬਣਾਉਣ ਲਈ 24 ਘੰਟੇ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਬੱਚਤ ਜ਼ਿਲ੍ਹੇ ਵਿੱਚ ਜਾਂ ਆਸ ਪਾਸ ਦੇ ਹੋਰ ਕੋਵਿਡ ਕੇਅਰ ਸੈਂਟਰਾਂ ਵਿੱਚ ਵਧੇਰੇ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਏਗੀ।



