
ਆਕਸੀਜਨ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲਾ ਕਾਬੂ
11 ਸਿਲੰਡਰ ਬਰਾਮਦ ਜਿਨ੍ਹਾਂ ਵਿੱਚ 5 ਭਰੇ ਹੋਏ ‘ਤੇ 4 ਖਾਲੀ ਬਰਾਮਦ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਦੇਸ਼ ਵਿੱਚ ਆਕਸੀਜਨ ਗੈਸ ਦੀ ਬਹੁਤ ਕਮੀ ਹੋ ਚੁੱਕੀ ਹੈ ‘ਤੇ ਇਸ ਦੀ ਘਾਟ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਕਈ ਦੁਕਾਨਦਾਰ ਆਪਣੀਆਂ ਤਿਜੌਰੀਆਂਭਰਨ ਲਈ ਇਹ ਆਕਸੀਜਨ ਗੈਸ ਦੇ ਸਿਲੰਡਰ ਬਲੈਕ ਵਿੱਚ ਵੇਚਣ ਤੋਂ ਬਾਜ਼ ਨਹੀਂ ਆ ਰਹੇ। ਅਜਿਹੇ ਦੁਕਾਨਦਾਰ ਬੜੇ ਮਹਿੰਗੇ ਭਾਅ ‘ਤੇ ਗੈਸ ਸਿਲੰਡਰ ਵੇਚ ਰਹੇ ਹਨ। ਅਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਅਜਿਹਾ ਹੀ ਇਕ ਦੁਕਾਨਦਾਰ ਨਹਿਰੂ ਗਾਰਡਨ ਰੋਡ ‘ਤੇ ਆਪਣੀ ਦੁਕਾਨ ‘ਤੇ ਪਏ ਆਕਸੀਜਨ ਗੈਸ ਦੇ ਸਿਲੰਡਰਾਂ ਨੂੰ ਮਹਿੰਗੇ ਭਾਅ ‘ਤੇ ਵੇਚਦੇ ਹੋਏ ਪੁਲਿਸ ਦੇ ਹੱਥੇ ਚੜ੍ਹ ਗਿਆ। ਪੁਲਿਸ ਨੇ ਡਰੱਗ ਇੰਸਪੈਕਟਰ ਦੀ ਟੀਮ ਨੇ ਛਾਪੇਮਾਰੀ ਕਰਕੇ ਉਕਤ ਦੁਕਾਨਦਾਰ ਤੋਂ ਭਰੇ ਅਤੇ ਖਾਲੀ ਸਿਲੰਡਰ ਬਰਾਮਦ ਕਰਦੇ ਹੋਏ ਦੁਕਾਨਦਾਰ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਨਹਿਰੂ ਗਾਰਡਨ ਰੋਡ ਤੇ ਸਥਿਤ ਫੇਅਰ ਡੀਲ ਇੰਡਸਟਰੀ ਨਾਂ ਦੇ ਦਫ਼ਤਰ ਵਿੱਚੋਂ ਇੱਕ ਵਿਅਕਤੀ ਨੂੰ ਆਕਸੀਜਨ ਗੈਸ ਦਾ ਸਿਲੰਡਰ ਕਾਫੀ ਮਹਿੰਗੇ ਭਾਅ ਤੇ ਮਿਲਿਆ ਤਾਂ ਉਸ ਨੇ ਇਸ ਦੀ ਸ਼ਿਕਾਇਤ ਸਿਵਲ ਸਰਜਨ ਦਫਤਰ ਅਤੇ ਪੁਲਸ ਕਮਿਸ਼ਨਰ ਦਫਤਰ ਵਿਚ ਕੀਤੀ। ਡਰੱਗ ਇੰਸਪੈਕਟਰ ਰਵੀ ਗੁਪਤਾ ਨੂੰ ਨਾਲ ਲੈ ਕੇ ਥਾਣਾ ਤਿੰਨ ਦੇ ਮੁਖੀ ਸਬ ਇੰਸਪੈਕਟਰ ਮੁਕੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਉਕਤ ਦੁਕਾਨਦਾਰ ਤੇ ਛਾਪੇਮਾਰੀ ਕਰਕੇ ਦੁਕਾਨਦਾਰ ਅਸ਼ਵਨੀ ਗੋਇਲ ਵਾਸੀ ਨੰਗਲਸ਼ਾਮਾ ਨੂੰ ਕਾਬੂ ਕਰ ਕੇ ਦੁਕਾਨ ਵਿੱਚੋਂ 11 ਸਿਲੰਡਰ ਜਿਨ੍ਹਾਂ ਵਿੱਚੋਂ 5 ਭਰੇ ਹੋਏ ਅਤੇ 4 ਖਾਲੀ ਸਨ ਬਰਾਮਦ ਕਰ ਲਏ। ਪੁਲੀਸ ਨੇ ਦੁਕਾਨ ਮਾਲਿਕ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।



