
ਕਿਹਾ ਪ੍ਰਮੁੱਖ ਕੰਪਨੀਆਂ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕੀਤੇ, ਆਉਣ ਵਾਲੇ ਦਿਨਾਂ ‘ਚ ਲਗਾਏ ਜਾਣਗੇ ਹੋਰ ਕੈਂਪ
ਜਲੰਧਰ (ਅਮਰਜੀਤ ਸਿੰਘ ਲਵਲਾ)
‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਜਲੰਧਰ ਵਿਖੇ 18 ਤੋਂ 22 ਦਸੰਬਰ ਤੱਕ ਪਿੰਡਾਂ ਵਿੱਚ ਲਗਾਏ ਗਏ ਵਿਸ਼ੇਸ਼ ਪਲੇਸਮੈਂਟ ਕੈਂਪ ਦੌਰਾਨ 264 ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਸਪ੍ਰੀਤ ਸਿੰਘ ਨੇ ਅੱਜ ਦੱਸਿਆ ਕਿ ਇਹ ਕੈਂਪ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਪੇਂਡੂ ਵਿਕਾਸ ‘ਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ 10ਵੀਂ ‘ਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨਾਂ ਲਈ ਲਗਾਏ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਸਿਹਤ, ਫੂਡ ਪ੍ਰੋਸੈਸਿੰਗ, ਬਿਊਟੀ, ਕੈਪੀਟਲ ਗੁਡਜ਼ ਅਤੇ ਨਿਰਮਾਣ ਖੇਤਰ ਨਾਲ ਸਬੰਧਤ ਪ੍ਰਮੁੱਖ ਕੰਪਨੀਆਂ ਨੇ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲਿਆ ਅਤੇ ਰੋਜ਼ਗਾਰ ਦੇ ਵੱਡੇ ਮੌਕਿਆਂ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਵਰਧਮਾਨ, ਮਹਿੰਦਰਾ ਸਵਰਾਜ, ਪਟੇਲ, ਸ਼੍ਰੀਮਨ ‘ਤੇ ਐਨਐਚਐਸ ਹਸਪਤਾਲ, ਹੋਟਲ ਸੁਖਮਹਿਲ ਅਤੇ ਕੰਡੀ ਏਰੀਆ ਫੂਡ ਐਂਡ ਹਰਬਲ ਪ੍ਰੋਸੈੱਸ ਵਰਗੀਆਂ ਕੰਪਨੀਆਂ ਵੱਲੋਂ ਚੋਣ ਪ੍ਰਕਿਰਿਆ ਤੋਂ ਬਾਅਦ ਕੁੱਲ 264 ਨੌਜਵਾਨਾਂ ਦੀ ਭਰਤੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ ਜ਼ਿਲ੍ਹੇ ਭਰ ਵਿੱਚ ਲਗਾਏ ਗਏ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 18 ਦਸੰਬਰ ਨੂੰ ਭਾਰਤ ਪੈਰਾ ਮੈਡੀਕਲ ਸਕਿੱਲ ਸੈਂਟਰ ਵਿਧੀਪੁਰ ਫਾਟਕ ਵਿਖੇ ਲਗਾਇਆ ਗਿਆ, ਜਿਸ ਤੋਂ ਬਾਅਦ 21 ਤੇ 22 ਦਸੰਬਰ ਨੂੰ ਨੈਸ਼ਨਲ ਸਾਇੰਸ ਸੁਸਾਇਟੀ ਦੇ ਹੁਨਰ ਵਿਕਾਸ ਕੇਂਦਰ, ਭੋਗਪੁਰ ਅਤੇ ਸੀਟੀ ਇੰਸਟੀਚਿਊਟ ਮਕਸੂਦਾਂ ਕੈਂਪਸ ਵਿਖੇ ਕੈਂਪ ਲਗਾਏ ਗਏ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਿੰਡਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਯੋਗ ਉਮੀਦਵਾਰਾਂ ਨੂੰ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਇਨ੍ਹਾਂ ਕੈਂਪਾਂ ਵਿੱਚ ਭਾਗ ਲੈਣ ਦੀ ਅਪੀਲ ਕੀਤੀ।



