
ਲੈਬ ਮਾਲਕ ਨੇ ਟੈਸਟ ਲਈ ਮੰਗੇ 1500 ਰੁਪਏ ਜਦਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਹਨ 450 ਰੁਪਏ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ‘ਤੇ ਕੋਵਿਡ-19 ਨਾਲ ਸਬੰਧਤ ਇਲਾਜ ਵਿੱਚ ਕੁਤਾਹੀ ਅਤੇ ਮੁਨਾਫਾਖੋਰੀ ਖਿਲਾਫ਼ ਜ਼ੀਰੋ-ਟੋਲਰੈਂਸ ਦੀ ਨੀਤੀ ਅਪਣਾਉਂਦਿਆਂ ਇਕ ਪੱਤਰਕਾਰ ਵੱਲੋਂ ਕੀਤੇ ਸਟਿੰਗ ਤੋਂ ਬਾਅਦ ਆਰਟੀਪੀਸੀਆਰ ਟੈਸਟ ਲਈ ਵੱਧ ਪੈਸੇ ਵਸੂਲ ਕਰਨ ‘ਤੇ ਲੈਬ ਮਾਲਕ ਖਿਲਾਫ਼ ਇਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਨਿਊਜ਼ ਵੈੱਬਸਾਈਟ ਟਰੂ ਸਕੂਪ ਦੀ ਪੱਤਰਕਾਰ ਅਵਨੀਤ ਕੌਰ ਅਤੇ ਪਰੀਨਾ ਖੰਨਾ ਤੋਂ ਪ੍ਰਾਪਤ ਸ਼ਿਕਾਇਤ ਦੇ ਅਨੁਸਾਰ ਸ਼੍ਰੀ ਸਾਈ ਲੈਬ ਸੀ/ਓ ਮੈਟਰੋਪੋਲਿਸ ਲੈਬ ਤੋਂ ਅਭਿਸ਼ੇਕ ਵੱਲੋਂ ਆਰਟੀਪੀਸੀਆਰ ਟੈਸਟ ਲਈ 1500 ਰੁਪਏ ਦੀ ਮੰਗ ਕੀਤੀ ਗਈ ਜਦਕਿ ਰਾਜ ਸਰਕਾਰ ਵੱਲੋਂ ਇਸ ਟੈਸਟ ਲਈ 450 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਸ਼ਿਕਾਇਤਕਰਤਾ ਵੱਲੋਂ ਆਪਣੇ ਦਾਅਵੇ ਨੂੰ ਪੁਖ਼ਤਾ ਕਰਨ ਲਈ ਇੱਕ ਆਡੀਓ ਰਿਕਾਰਡਿੰਗ ਵੀ ਸੌਂਪੀ ਗਈ, ਜਿਸ ‘ਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰਣਦੀਪ ਸਿੰਘ ਗਿੱਲ ਵੱਲੋਂ ਮੁੱਢਲੀ ਜਾਂਚ ਕੀਤੀ ਗਈ, ਜਿਨ੍ਹਾਂ ਵੱਲੋਂ ਲੈਬ ਖ਼ਿਲਾਫ਼ ਦੋਸ਼ ਪਹਿਲੀ ਨਜ਼ਰੇ ਸਹੀ ਪਾਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਪੁਲਿਸ ਅਥਾਰਟੀ ਨੂੰ ਇੰਡੀਅਨ ਪੀਨਲ ਕੋਡ, ਐਪੀਡੈਮਿਕ ਡਿਸੀਜ਼ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਐਫਆਈਆਰ ਦਰਜ ਕਰਨ ਲਈ ਕਿਹਾ ਗਿਆ। ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੁਲਿਸ ਵਿਭਾਗ ਨੇ ਲੈਬ ਖ਼ਿਲਾਫ਼ ਵੱਧ ਪੈਸੇ ਵਸੂਲ ਕਰਨ ‘ਤੇ ਐਫਆਈਆਰ ਦਰਜ ਕਰ ਲਈ ਗਈ ਹੈ।
ਦੋਵਾਂ ਪੱਤਰਕਾਰਾਂ ਵੱਲੋਂ ਅਜਿਹੀਆਂ ਭ੍ਰਿਸ਼ਟ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਸ ਮਹਾਂਮਾਰੀ ਦੇ ਦੌਰ ਵਿੱਚ ਬਿਹਤਰੀਨ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਉਣ ਦੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦਹੁਰਾਇਆ ਅਤੇ ਲੋਕਾਂ ਨੂੰ ਅਜਿਹੀਆਂ ਬੇਨਿਯਮੀਆਂ ਅਤੇ ਵੱਧ ਪੈਸੇ ਵਸੂਲ ਕਰਨ ਦੇ ਮਾਮਲੇ 9888981881, 9501799068 ‘ਤੇ ਵਟਸਐਪ ਜ਼ਰੀਏ ਸਬੂਤ ਸਮੇਤ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਅਜਿਹੇ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਆਰੰਭੀ ਜਾ ਸਕੇ।



