JalandharPoliticalPunjab

ਆਰਥਿਕ ਪਖੋਂ ਦੀਵਾਲੀਆ ਪੰਜਾਬ ਦਾ ਖ਼ਜ਼ਾਨਾ ਕਿਵੇਂ ਝੱਲੇਗਾ ਝੂਠੇ ਲਾਰਿਆਂ ਦਾ ਭਾਰ—ਸ਼ੇਖਾਵਤ

ਭਾਜਪਾ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਦਫਤਰ ਦਾ ਉਦਘਾਟਨ ਕਰਕੇ ਦਿੱਤਾ ਖਾਸ ਸੰਦੇਸ਼
ਜਲੰਧਰ (ਅਮਰਜੀਤ ਸਿੰਘ ਲਵਲਾ)
ਕਦੀ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਪੰਜਾਬ ਦੋ ਪਰਿਵਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਆਰਥਕਿ ਵੈਂਟੀਲੇਟਰ ਉੱਪਰ ਪਿਆ ਔਖੇ ਸਾਹ ਲੈ ਰਿਹਾ ਹੈ। ਪਿਛਲੇ ਕਈ ਦਹਾਕਿਆਂ ਦੌਰਾਨ ਦਿੱਲੀ ‘ਚ ਬੈਠੇ ਗਾਂਧੀ ‘ਤੇ ਪੰਜਾਬ ਵਿਚ ਬੈਠੇ ਬਾਦਲ ਪਰਿਵਾਰ ਦੀਆਂ ਆਪਹੁਦਰੀਆਂ ਨੀਤੀਆਂ ਕਾਰਨ ਅੱਜ ਦੇਸ਼ ਦਾ ਸਭ ਤੋਂ ਪੱਛੜਿਆ ਅਤੇ ਕਰਜ਼ਾਈ ਸੂਬਾ ਭਾਰਤੀ ਜਨਤਾ ਪਾਰਟੀ ਵੱਲ੍ਹ ਆਸ ਦੀਆਂ ਨਜ਼ਰਾਂ ਨਾਲ ਤੱਕ ਰਿਹਾ ਹੈ। ਇਹ ਗੱਲ ਕੇਂਦਰੀ ਜਲਸ਼ਕਤੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਭਾਜਪਾ ਦੇ ਸੂਬਾਈ ਚੋਣ ਦਫਤਰ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਨੇ ਕਿਹਾ ਕਿ 26 ਦਸੰਬਰ ਦਾ ਦਿਨ ਜਿੱਥੇ ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਮਹਾਨ ਦਿਨ ਹੈ, ਜਿਸ ਤੋਂ ਸਾਨੂੰ ਆਪਣੀ ਧਾਰਮਿਕ ਆਜ਼ਾਦੀ ਅਤੇ ਭਾਈਚਾਰਕ ਸਾਂਝ ਨੂੰ ਬਹਾਲ ਰੱਖਣ ਲਈ ਹਰ ਕੁਰਬਾਨੀ ਕਰਨ ਦੀ ਪ੍ਰੇਰਨਾ ਮਿਲਦੀ ਹੈ, ਉੱਥੇ ਹੀ ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਹੋਣ ਕਾਰਨ ਇਸ ਦਿਵਸ ਮੌਕੇ ਭਾਜਪਾ ਦੇ ਸੂਬਾ ਚੋਣ ਦਫਤਰ ਦਾ ਉਦਘਾਟਨ ਹੋਣ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ।

ਗਾਜੇੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ 1981 ਵਿਚ ਪੰਜਾਬ ਖੁਸ਼ਹਾਲੀ ਦਾ ਰੋਲ ਮਾਡਲ ਸੀ, ਜਿਸਦੀ ਜੀਡੀਪੀ ਉੱਪਰਲੇ ਪਾਇਦਾਨ ’ਤੇ ਸੀ। ਪਰ ਅਸੀਮ ਸੰਭਾਵਨਾਵਾਂ ਨਾਲ ਭਰਪੂਰ ਪੰਜਾਬ ਦੀ ਸੱਤਾ ਉੱਪਰ ਕਾਬਜ ਰਹੇ ਉਪਰੋਕਤ ਦੋਵਾਂ ਗਾਂਧੀ ਅਤੇ ਬਾਦਲ ਪਰਿਵਾਰਾਂ ਦੀਆਂ ਸੌੜੇ ਪਰਿਵਾਰਕ ਹਿੱਤਾਂ ਤੋਂ ਪ੍ਰੇਰਿਤ ਨੀਤੀਆਂ ਕਾਰਨ ਸੂਬਾ ਹੇਠਾਂ ਨੂੰ ਸਰਕਦਾ ਹੋਇਆ 2001 ਵਿੱਚ ਚੌਥੇ ਅਤੇ 2021 ਤੱਕ ਦੇਸ਼ ਦੇ ਸਭ ਤੋਂ ਨੀਵੇਂ ਪਾਇਦਾਨ ਉੱਪਰ ਪੁੱਜ ਗਿਆ ਹੈ। ਪੰਜਾਬ ਦੀ ਹਾਲਤ ਏਨੀ ਪਤਲੀ ‘ਤੇ ਚਿੰਤਾਜਨਕ ਹੋ ਚੁੱਕੀ ਹੈ ਕਿ ਸੂਬਾ 4 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ, ‘ਤੇ ਇਸਦੇ ਕੁੱਲ ਮਾਲੀਆ ਆਮਦਨ ਦਾ ਇਕ ਤਿਹਾਈ ਹਿੱਸਾ ਸਿਰਫ ਵਿਆਜ਼ ਅਦਾ ਕਰਨ ਵਿਚ ਹੀ ਚਲਾ ਜਾਂਦਾ ਹੈ।
ਕੇਂਦਰੀ ਮੰਤਰੀ ਸ਼ੇਖਾਵਤ ਨੇ ਪੰਜਾਬ ਵਿਚ ਚੋਣਾਂ ਤੋਂ ਐਨ ਪਹਿਲਾਂ ਹੀ ਬੇਅਦਬੀਆਂ ਦਾ ਦੌਰ ਸ਼ੁਰੂ ਹੋਣ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਮੁਫਤ ਸਹੂਲਤਾਂ ਦੇ ਸਬਜ਼ਬਾਗ ਦਿਖਾਉਣ ਵਾਲੀਆਂ ਪਾਰਟੀਆਂ ਕਾਂਗਰਸ, ਅਕਾਲੀ ‘ਤੇ ਆਮ ਆਦਮੀ ਪਾਰਟੀ ਨੂੰ ਇਹ ਜਰੂਰ ਸਪੱਸ਼ਟ ਕਰਨਾ ਪਵੇਗਾ ਕਿ ਕਰਜ਼ੇ ਦੀ ਦਲਦਲ ਵਿਚ ਫਸੇ ਸੂਬੇ ਦੇ ਵਾਸੀਆਂ ਨੂੰ ਮੁਫਤ ਸਹੂਲਤਾਂ ਦੇਣ ਲਈ ਉਹ ਬਜਟ ਕਿੱਥੋਂ ਲਿਆਉਣਗੀਆਂ? ਕਿ ਕੁਝ ਨਵੇਂ ਟੈਕਸ ਲਗਾਏ ਜਾਣਗੇ? ਇਹ ਤਾਂ ਇੱਕ ਜੇਬ੍ਹ ਵਿਚੋਂ ਕੱਢ ਕੇ ਦੂਜੀ ਜੇਬ੍ਹ ਵਿਚ ਪਾਉਣ ਵਾਲੀ ਗੱਲ ਹੋਵੇਗੀ ਅਤੇ ਇਸ ਨਾਲ ਕੁਝ ਚੋਣਵੇਂ ਵਰਗਾਂ ਉੱਪਰ ਇਸਦਾ ਦੋਹਰਾ ਬੋਝ ਪੈ ਜਾਵੇਗਾ।
ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਾਸੀ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨਵੇਂ ਬਦਲ ਦੀ ਤਲਾਸ਼ ਵਿਚ ਹਨ। ਇਨ੍ਹਾਂ ਵਿਚੋਂ ਇਕ ਧਿਰ ਆਪਣੀ ਦਿੱਲੀ ‘ਤੇ ਪੰਜਾਬ ਲੀਡਰਸ਼ਿਪ ਦੇ ਹੰਕਾਰੀ ਵਤੀਰੇ, ਦੂਜੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਅਤੇ ਤੀਜੀ ਧਿਰ ਦਿੱਲੀ ਵਿਚ ਫੋਕੇ ਦਾਅਵਿਆਂ ਅਤੇ ਲਾਰਿਆਂ ਦੀ ਹਕੀਕਤ ਜੱਗ-ਜ਼ਾਹਰ ਹੋ ਜਾਣ ਕਾਰਨ ਸੂਬੇ ਦੀ ਜਨਤਾ ‘ਚ ਆਪਣਾ ਵਿਸ਼ਵਾਸ਼ ਗੁਆ ਚੁੱਕੀਆਂ ਹਨ। ਕੇਜਰੀਵਾਲ ਦੇ ਦਿੱਲੀ ਵਿਕਾਸ ਮਾਡਲ ਦੀ ਪੋਲ ਖੋਲ੍ਹਦਿਆਂ ਸ਼ੇਖਾਵਤ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਦੇ 13 ਹਜ਼ਾਰ ਕਰੋੜ ਦੇ ਫੰਡ ਰੋਕ ਕੇ ਵਿਕਾਸ ਵਿਚ ਅੜਚਨ ਪਾਉਣ ਵਾਲੇ ਝੂਠੇ ਸੁਪਨੇ ਦਿਖਾ ਕੇ ਕੇਜਰੀਵਾਲ ਹੁਣ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਹਨ, ਜਦਕਿ ਨਿਰੋਲ ਕਿਸਾਨੀ ਹਿੱਤਾਂ ਦੇ ਦਮਗਜ਼ੇ ਮਾਰਨ ਵਾਲੀਆਂ ਕਿਸਾਨ ਯੂਨੀਅਨਾਂ ਵਲੋਂ ਵੀ ਯੂ-ਟਰਨ ਲੈਂਦੇ ਹੋਏ ਚੋਣਾ ਵਿਚ ਕੁੱਦਣਾ ਉਨ੍ਹਾਂ ਦੇ ਢੋਲ ਦੀ ਪੋਲ ਖੋਲ੍ਹਣ ਲਈ ਕਾਫੀ ਹੈ। ਇਸਦੇ ਨਾਲ ਹੀ ਪੰਜਾਬ ਦੀ ਨਿੱਘਰੀ ਕਾਨੂੰਨ ਵਿਵਸਥਾ, ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ ਅਤੇ ਭਾਈਚਾਰਕ ਸਾਂਝ ਨੂੰ ਦਰਪੇਸ਼ ਚੁਣੌਤੀਆਂ ਬਾਰੇ ਇਨ੍ਹਾਂ ਵਿਚੋਂ ਕਿਸੇ ਵੀ ਧਿਰ ਕੋਲ ਕੋਈ ਨੀਤੀ ਨਹੀਂ ਹੈ। ਇਸ ਲਈ ਪੰਜਾਬ ਵਾਸੀ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਹੱਥ ਪੰਜਾਬ ਦੀ ਸੱਤਾ ਸੌਂਪਣ ਲਈ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!