
ਨੌਜਵਾਨਾਂ ਨੂੰ ਇਸ ਸੁਨਿਹਰੀ ਮੌਕੇ ਨੂੰ ਹਾਸਲ ਕਰਨ ਲਈ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ ਦੀ ਕੀਤੀ ਅਪੀਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਚੱਲ ਰਹੀ ਪੁਲਿਸ ਭਰਤੀ ਰੈਲੀ ਦੇ ਚਾਹਵਾਨਾਂ ਨੂੰ ਇਸ ਸੁਨਿਹਰੀ ਮੌਕੇ ਨੂੰ ਹਾਸਲ ਕਰਨ ਲਈ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦੇਣ ਦੀ ਅਪੀਲ ਕੀਤੀ। ਪੁਲਿਸ ਲਾਈਨਜ਼, ਜਲੰਧਰ ਵਿਖੇ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਕਾਗਰਤਾ, ਸਖ਼ਤ ਮਿਹਨਤ ਅਤੇ ਸਮਰਪਣ ਸਫ਼ਲਤਾ ਦੀ ਕੁੰਜੀ ਹੈ ਅਤੇ ਉਨ੍ਹਾਂ ਨੂੰ ਪੂਰੇ ਜੋਸ਼ ‘ਤੇ ਉਤਸ਼ਾਹ ਨਾਲ ਆਪਣੇ ਟੀਚੇ ਦਾ ਪਿੱਛਾ ਕਰਨਾ ਚਾਹੀਦਾ ਹੈ।
ਪੁਲਿਸ ਕਮਿਸ਼ਨਰ ਭੁੱਲਰ ਨੇ ਸੁਝਾਅ ਦਿੱਤਾ ਕਿ ਚਾਹਵਾਨ ਉਮੀਦਵਾਰਾਂ ਨੂੰ ਆਪਣਾ ਪੂਰਾ ਧਿਆਨ ਅਕਾਦਮਿਕ ਅਤੇ ਸਰੀਰਕ ਸਿਖਲਾਈ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ, ਜੋ ਕਿ ਪੁਲਿਸ ਲਾਈਨਜ਼ ਵਿਖੇ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਅਰਜੁਨ ਦੀ ਮਿਸਾਲ ਵੀ ਦਿੱਤੀ, ਜਿਨ੍ਹਾਂ ਆਪਣੇ ਨਿਸ਼ਾਨੇ ਨੂੰ ਦ੍ਰਿੜਤਾ ਅਤੇ ਇਕਾਗਰਤਾ ਨਾਲ ਸਾਧਿਆ। ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਵੀ ਪੁਲਿਸ ਭਰਤੀ ਰੈਲੀ ਵਿੱਚ ਇਸੇ ਤਰ੍ਹਾਂ ਦਾ ਜੋਸ਼ ਅਤੇ ਜਨੂੰਨ ਦਿਖਾਉਣ ਦੀ ਅਪੀਲ ਕੀਤੀ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਕਮਿਸ਼ਨਰੇਟ ਵੱਲੋਂ ਉਮੀਦਵਾਰਾਂ ਨੂੰ ਸਰੀਰਿਕ ਤੋਂ ਇਲਾਵਾ ਅਕਾਦਮਿਕ ਸਿਖਲਾਈ ਪ੍ਰਦਾਨ ਕਰਨ ਲਈ ਪ੍ਰਸਿੱਧ ਕੋਚਿੰਗ ਸੰਸਥਾਵਾਂ ਨੂੰ ਸ਼ਾਮਲ ਕਰ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮੁਹਾਰਤ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਇਕ ਦਿਵਿਆਂਗ ਵਿਅਕਤੀ, ਜਿਸ ਨੇ ਕਿ ਬਨਾਵਟੀ ਅੰਗਾਂ ਦੀ ਸਹਾਇਤਾ ਨਾਲ ਮਾਊਂਟ ਐਵਰੇਸਟ ਦੀ ਆਪਣੀ ਮੁਹਿੰਮ ਨੂੰ ਜਿੱਤਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ, ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦਾ ਪੱਕਾ ਇਰਾਦਾ ਰੱਖਦਾ ਹੈ ਤਾਂ ਉਸ ਲਈ ਕੁਝ ਵੀ ਅਸੰਭਵ ਨਹੀਂ ਹੈ। ਪੁਲਿਸ ਕਮਿਸ਼ਨਰ ਨੇ ਇਸ ਮੌਕੇ ਮੈਗਾ ਪੁਲਿਸ ਭਰਤੀ ਵਿਚ ਹਿੱਸਾ ਲੈਣ ਜਾ ਰਹੇ ਸਮੂਹ ਚਾਹਵਾਨ ਉਮੀਦਵਾਰਾਂ ਦੀ ਸਫ਼ਲਤਾ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ।



