
ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮਜ਼ ਟੈਕਨਾਲੋਜੀ ਜੋਧਪੁਰ ਵਿਖੇ ਦਾਖ਼ਲੇ ਦਾ ਸੁਨਹਿਰੀ ਮੌਕਾ
*ਡਿਪਟੀ ਕਮਿਸ਼ਨਰ ਨੇ 10ਵੀਂ ‘ਤੇ +12 ਪਾਸ ਚਾਹਵਾਨ ਵਿਦਿਆਰਥੀਆਂ ਨੂੰ ਸ਼ਾਨਦਾਰ ਮੌਕੇ ਦਾ ਲਾਭ ਲੈਣ ਦਾ ਦਿੱਤਾ ਸੱਦਾ*
ਜਲੰਧਰ *ਗਲੋਬਲ ਆਜਤੱਕ*
ਹੈਂਡਲੂਮਜ਼ ਅਤੇ ਟੈਕਸਟਾਈਲ ਸਬੰਧੀ ਗਿਆਨ ਪ੍ਰਾਪਤ ਕਰਕੇ ਇਸ ਖੇਤਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮਜ਼ ਟੈਕਨਾਲੋਜੀ ਜੋਧਪੁਰ ਵਿਖੇ ਸ਼ੁਰੂ ਹੋ ਰਹੇ ਡਿਪਲੋਮਾ ਕੋਰਸ ਵਿੱਚ ਦਾਖ਼ਲੇ ਦੇ ਸੁਨਿਹਰੀ ਮੌਕੇ ਦਾ ਲਾਭ ਲੈਣ ਦਾ ਸੱਦਾ ਦਿੱਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮਜ਼ ਟੈਕਨਾਲੋਜੀ ਜੋਧਪੁਰ ਵਿਖੇ ਸੈਸ਼ਨ 2022-23 ਲਈ ਹੈਂਡਲੂਮਜ਼ ਅਤੇ ਟੈਕਸਟਾਈਲ ਟੈਕਨਾਲੋਜੀ ਦੇ ਤਿੰਨ ਸਾਲਾ ਡਿਪਲੋਮਾ ਕੋਰਸ ਸ਼ੁਰੂ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 10ਵੀਂ ਅਤੇ +12 ਪਾਸ ਚਾਹਵਾਨ ਵਿਦਿਆਰਥੀ ਇਸ ਕੋਰਸ ਵਿੱਚ ਦਾਖ਼ਲਾ ਲੈ ਕੇ ਇਸ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਵੱਲ ਕਦਮ ਵਧਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਚਾਹਵਾਨ ਵਿਦਿਆਰਥੀ 15 ਜੁਲਾਈ 2022 ਤੋਂ ਇਸ ਕੋਰਸ ਵਿੱਚ ਦਾਖ਼ਲੇ ਲਈ ਬਿਨੈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡਿਪਲੋਮਾ ਕੋਰਸ ਵਿੱਚ ਦਾਖ਼ਲੇ ਲਈ ਉਮਰ ਹੱਦ ਸਾਰੇ ਵਰਗਾਂ ਲਈ 1 ਜੁਲਾਈ 2022 ਨੂੰ 15-23 ਸਾਲ ਹੈ ਜਦਕਿ ਐਸਸੀ, ਐਸਟੀ, ਵਰਗ ਨਾਲ ਸਬੰਧਤ 15-25 ਸਾਲ ਉਮਰ ਦੇ ਉਮੀਦਵਾਰ ਯੋਗ ਹੋਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਰਸ ਲਈ ਪੰਜਾਬ ਦੇ 4 ਵਿਦਿਆਰਥੀਆਂ ਲਈ 4 ਸੀਟਾਂ ਰਾਖਵੀਆਂ ਹਨ ਅਤੇ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ 2500 ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ, ਜਿਸ ਵਿੱਚ 50-50 ਫੀਸਦੀ ਹਿੱਸੇਦਾਰੀ ਦੇ ਆਧਾਰ ‘ਤੇ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਬਰਾਬਰ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਇਸ ਸ਼ਾਨਦਾਰ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ’ਤੇ ਹੋਵੇਗੀ। ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵਿਭਾਗ ਦੀ ਵੈਬਸਾਈਟ www.iihtjodhpur.com ਅਤੇ ਫੋਨ ਨੰ.0291-275480,2757115 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



