
*ਈਵੀਐਮ ‘ਤੇ ਵੀਵੀਪੈਟ ਮਸ਼ੀਨਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮਜ਼ ‘ਚ ਸਟੋਰ—ਡਿਪਟੀ ਕਮਿਸ਼ਨਰ*
*ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ 'ਤੇ ਚੋਣ ਅਬਜ਼ਰਵਰਾਂ ਦੀ ਮੌਜੂਦਗੀ 'ਚ ਸਟਰਾਂਗ ਰੂਮ ਸੀਲ*
*ਡਿਪਟੀ ਕਮਿਸ਼ਨਰ ਨੇ ਸਟਰਾਂਗ ਰੂਮਜ਼ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, 10 ਮਾਰਚ ਨੂੰ ਹੋਵੇਗੀ ਵੋਟਾਂ ਦੀ ਗਿਣਤੀ*
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿਖੇ ਐਤਵਾਰ ਨੂੰ ਪੋਲਿੰਗ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਇਲੈਕਟ੍ਰਾਨਿਟ ਵੋਟਿੰਗ ਮਸ਼ੀਨਾਂ ਤੇ ਵੀਵੀ ਪੈਟਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮਜ਼ ਵਿੱਚ ਸਟੋਰ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਤੇ ਸਟੇਟ ਪਟਵਾਰ ਸਕੂਲ ਵਿਖੇ ਬਣਾਏ ਗਏ ਸਟਰਾਂਗ ਰੂਮ ਸੀਲ ਕਰਨ ਦਾ ਸਮੁੱਚਾ ਕਾਰਜ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਅਤੇ ਜਨਰਲ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਨੇਪਰੇ ਚਾੜ੍ਹਿਆ ਗਿਆ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਮੁੱਚੀਆਂ ਈਵੀਐਮਜ਼ ਤੇ ਵੀਵੀ ਪੈਟ ਨੂੰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਹੇਠ ਜੀਪੀਐਸ ਟ੍ਰੈਕਿੰਗ ਸਿਸਟਮ ਨਾਲ ਲੈਸ ਵਾਹਨਾਂ ਰਾਹੀਂ ਸਟਰਾਂਗ ਰੂਮਜ਼ ਵਿੱਚ ਤਬਦੀਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੋਟਿੰਗ ਮਸ਼ੀਨਾਂ 10 ਮਾਰਚ, 2022 ਗਿਣਤੀ ਵਾਲੇ ਦਿਨ ਤੱਕ ਸਟਰਾਂਗ ਰੂਮਜ਼ ਵਿੱਚ ਹੀ ਰਹਿਣਗੀਆਂ ਅਤੇ ਗਿਣਤੀ ਸਮੇਂ ਬਾਹਰ ਲਿਆਂਦੀਆਂ ਜਾਣਗੀਆਂ।
ਚੋਣ ਅਬਜ਼ਰਵਰ ਡਾ. ਸਰੋਜ ਕੁਮਾਰ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਥੇ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਅਰਧ ਸੈਨਿਕ ਬਲ ਦੀ ਤਾਇਨਾਤੀ ਦੇ ਨਾਲ ਸਟਰਾਂਗ ਰੂਮਜ਼ ਦੀ 24 ਘੰਟੇ ਥ੍ਰੀ-ਟਾਇਰ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਟਰਾਂਗ ਰੂਮਜ਼ ਦੀ 24 ਘੰਟੇ ਈ-ਨਿਗਰਾਨੀ ਲਈ ਹਰੇਕ ਸਟਰਾਂਗ ਰੂਮ ਵਿੱਚ ਨਿਰਵਿਘਨ ਬਿਜਲੀ ਸਪਲਾਈ ਦੇ ਨਾਲ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਵੀਡੀਓ ਰਿਕਾਰਡਿੰਗ ਦਾ ਉਚਿਤ ਬੈਕਅਪ ਵੀ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਫਿਲੌਰ, ਸ਼ਾਹਕੋਟ, ਨਦੋਕਰ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਮੂਹ ਰਿਟਰਨਿੰਗ ਅਫ਼ਸਰ ਅਤੇ ਹੋਰ ਅਧਿਕਾਰੀ ਮੌਜੂਦ ਸਨ।



