Punjab

ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ 4.50 ਕਰੋੜ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਐਸਟ੍ਰੋਟਰਫ਼ ਪ੍ਰੋਜੈਕਟ ਦਾ ਕੀਤਾ ਉਦਘਾਟਨ–ਰਾਣਾ ਸੋਢੀ

ਹਾਕੀ ਨੂੰ ਸੂਬੇ ’ਚ ਹੋਰ ਪ੍ਰਫੁਲਿਤ ਕਰਨ ਲਈ ਉਲੰਪੀਅਨ ਰਾਜਿੰਦਰ ਸਿੰਘ ਜੂਨੀਅਰ ਨੂੰ ਵੀ ਕੀਤਾ ਚੀਫ਼ ਹਾਕੀ ਕੋਚ ਨਿਯੁਕਤ

ਸਟੇਡੀਅਮ ਦੇ ਅਪਗ੍ਰੇਡੇਸ਼ਨ ਤੋਂ ਬਾਅਦ ਹੋਣ ਵਾਲੀ ਪ੍ਰੋ-ਹਾਕੀ ਲੀਗ ਲਈ ਪੋਸਟਰ ਜਾਰੀ
ਕੈਪਟਨ ਸਰਕਾਰ ਸੂਬੇ ’ਚ ਵਿਸ਼ਵ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ
ਪ੍ਰੋਜੈਕਟ ’ਚ ਅੰਤਰ ਰਾਸ਼ਟਰੀ ਹਾਕੀ ਐਸਟ੍ਰੋਟਰਫ਼, ਸਪਰਿੰਕਲਰ ਅਤੇ ਟਿਊਬਵੈਲ ਪ੍ਰਣਾਲੀ ਸ਼ਾਮਿਲ, ਸੱਤ ਮਹੀਨਿਆਂ ’ਚ ਕੀਤਾ ਜਾਵੇਗਾ ਮੁਕੰਮਲ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਸੂਬੇ ਵਿੱਚ ਹਾਕੀ ਖੇਡ ਨੂੰ ਹੋਰ ਪ੍ਰਫੁਲਿਤ ਕਰਨ ਦੇ ਮੱਦੇਨਜ਼ਰ ਖੇਡ, ਅਤੇ ਯੁਵਕ ਮਾਮਲੇ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਅੱਜ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ 4.50 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਐਸਟ੍ਰੋਟਰਫ਼ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਖੇਡ ਅਤੇ ਯੁਵਕ ਮਾਮਲੇ ਮੰਤਰੀ ਜਿਨਾਂ ਦੇ ਨਾਲ ਵਿਧਾਇਕ ਜਲੰਧਰ ਪੱਛਮੀ ਸੁਸ਼ੀਲ ਕੁਮਾਰ ਰਿੰਕੂ ਅਤੇ ਮੇਅਰ ਸ੍ਰੀ ਜ਼ਗਦੀਸ਼ ਰਾਜ ਰਾਜਾ ਵੀ ਮੌਜੂਦ ਸਨ, ਨੇ ਐਲਾਨ ਕੀਤਾ ਕਿ ਇਸ ਐਸਟ੍ਰੋਟਰਫ਼ ਪ੍ਰੋਜੈਕਟ ਦੇ ਮੁਕੰਮਲ ਹੋਣ ਉਪਰੰਤ ਇਥੇ ਪਹਿਲੇ ਪ੍ਰੋ-ਹਾਕੀ ਲੀਗ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਲੰਧਰ ਵਿਖੇ ਇਕ ਹੋਰ ਹਾਕੀ ਸਟੇਡੀਅਮ ਜਿਸ ਵਿੱਚ ਐਸਟ੍ਰੋਟਰਫ਼, ਫਲੱਡ ਲਿਟ ਅਤੇ ਹੋਰ ਬੁਨਿਆਦੀ ਢਾਂਚਾ ਮੌਜੂਦ ਹੋਵੇਗਾ ਵੀ ਵਿਕਸਿਤ ਕੀਤਾ ਜਾਵੇਗਾ। ਇਸ ਅਹਿਮ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਸੱਤ ਮਹੀਨਿਆਂ ਦੇ ਵਿੱਚ-ਵਿੱਚ ਐਸਟ੍ਰੋਟਰਫ਼ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਇਥੇ ਹਾਕੀ ਖਿਡਾਰੀ ਅਤਿ ਆਧੁਨਿਕ ਖੇਡ ਸਹੂਲਤਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਟਰਫ਼ ਯੂਐਸਏ ਅਧਾਰਤ ਫੀਲਡ ਟਰਫ਼ ਕੰਪਨੀ ਵਲੋਂ ਤਿਆਰ ਕੀਤਾ ਜਾ ਰਿਹਾ, ਜਿਸ ਨੂੰ ਹੈਦਰਾਬਾਦ ਦੀ ਗਰੇਟ ਸਪੋਰਟ ਟੈਕ ਵਲੋਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿਖੇ ਟਿਊਬਵੈਲ ਦੇ ਨਾਲ-ਨਾਲ ਇਕ ਸਪਰਿੰਕਲਰ ਪ੍ਰਣਾਲੀ ਵੀ ਹੋਵੇਗੀ।

ਪੰਜਾਬ ਸਰਕਾਰ ਦੀ ਹਾਕੀ ਨੂੰ ਸੂਬੇ ਵਿੱਚ ਹੇਠਲੇ ਪੱਧਰ ਤੱਕ ਪ੍ਰਫੁਲਿਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਵਲੋਂ ਉਲੰਪੀਅਨ ਅਤੇ ਦਰੋਣਾਚਾਰੀਆ ਐਵਾਰਡੀ ਰਜਿੰਦਰ ਸਿੰਘ ਜੂਨੀਅਰ ਨੂੰ ਚੀਫ ਹਾਕੀ ਕੋਚ ਵੀ ਨਿਯੁਕਤ ਕੀਤਾ ਗਿਆ। ਉਨ੍ਹਾਂ ਵਲੋਂ ਇਸ ਮੌਕੇ ਰਾਜਿੰਦਰ ਸਿੰਘ ਜੂਨੀਅਰ ਨੂੰ ਨਿਯੁਕਤੀ ਪੱਤਰ ਸੌਪਦਿਆਂ ਉਨ੍ਹਾਂ ਨੂੰ ਦਿੱਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰਨ ਸਹਿਯੋਗ ਅਤੇ ਮਦਦ ਦਾ ਭਰੋਸਾ ਦੁਆਇਆ ਗਿਆ।

ਇਸ ਮੌਕੇ ਪ੍ਰੋ-ਹਾਕੀ ਲੀਗ਼ ਦਾ ਪੋਸਟਰ ਅਤੇ ਟੀ-ਸ਼ਰਟ ਜਾਰੀ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਲੀਗ਼ ਸੁਰਜੀਤ ਹਾਕੀ ਸੁਸਾਇਟੀ ਵਲੋਂ ਵੱਖ-ਵੱਖ ਕੈਟਾਗਰੀਆਂ ਦੀਆਂ 20 ਟੀਮਾਂ ਦੀ ਸ਼ਮੂਲੀਅਤ ਨਾਲ ਕਰਵਾਈ ਜਾਵੇਗੀ। ਉਨ੍ਹਾ ਕਿਹਾ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਸੂਬੇ ਦੇ ਖੇਡ ਵਿਭਾਗ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਨਾਲ-ਨਾਲ ਪੁਰਸਕਾਰ ਦੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਖਿਡਾਰੀਆਂ ਨੂੰ ਮਜ਼ਬੂਤ ਸਥਿਤੀ ਹਾਸਿਲ ਕਰਨ ਦੇ ਯੋਗ ਬਣਾਉਣ ਲਈ ਸੂਬਾ ਸਰਕਾਰ ਸੂਬੇ ਵਿੱਚ ਖੇਡਾਂ ਦਾ ਅਤਿ ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਜੈ ਇੰਦਰ ਸਿੰਘ, ਸਕੱਤਰ ਸੁਰਜੀਤ ਹਾਕੀ ਸੁਸਾਇਟੀ ਇਕਬਾਲ ਸਿੰਘ ਸੰਧੂ, ਸੁਰਿੰਦਰ ਭਾਪਾ, ਸਵਿਮਿੰਗ ਕੋਚ ਉਮੇਸ਼ ਸ਼ਰਮਾ, ਏਡੀਸੀਪੀ ਜਗਜੀਤ ਸਰੋਆ ਅਤੇ ਹੋਰ ਵੀ ਹਾਜ਼ਰ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!