Latest News

*ਐਤਵਾਰ ਤੱਕ ਸਮੁੱਚੇ ਯੋਗ ਲਾਭਪਾਤਰੀਆਂ ਨੂੰ ਕੋਵਿਡ-19 ਵੈਕਸੀਨ ਦੀ ਬਕਾਇਆ ਦੂਜੀ ਖੁਰਾਕ ਲਗਾਉਣੀ ਯਕੀਨੀ ਬਣਾਈ ਜਾਵੇ—ਡਿਪਟੀ ਕਮਿਸ਼ਨਰ*

*ਵਿੱਦਿਅਕ ਸੰਸਥਾਵਾਂ ਨੂੰ 15-18 ਉਮਰ ਵਰਗ ਦੇ ਵਿਦਿਆਰਥੀਆਂ ਦਾ ਟੀਕਾਕਰਨ ਮੁਕੰਮਲ ਕਰਨ ਲਈ ਵੀ ਕਿਹਾ*
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਿਹਤ ਅਧਿਕਾਰੀਆਂ ਨੂੰ ਸਮੁੱਚੇ ਯੋਗ ਲਾਭਪਾਤਰੀਆਂ ਨੂੰ ਐਤਵਾਰ ਤੱਕ ਕੋਵਿਡ ਵੈਕਸੀਨ ਦੀ ਬਕਾਇਆ ਦੂਜੀ ਖੁਰਾਕ ਲਗਾ ਕੇ ਮੁਕੰਮਲ ਟੀਕਾਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਸਾਰੇ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ 15 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਦਾ ਨਜ਼ਦੀਕੀ ਸਰਕਾਰੀ ਸਿਹਤ ਸੰਭਾਲ ਕੇਂਦਰਾਂ ਤੋਂ ਟੀਕਾਕਰਨ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 94 ਫੀਸਦੀ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਤਹਿਤ ਕਵਰ ਕੀਤਾ ਜਾ ਚੁੱਕਾ ਹੈ, ਜਦਕਿ ਲਗਭਗ 83 ਫੀਸਦੀ ਨੂੰ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਬਾਕੀ ਰਹਿੰਦੇ ਯੋਗ ਲਾਭਪਾਤਰੀਆਂ, ਜਿਨ੍ਹਾਂ ਦੀ ਦੂਜੀ ਖੁਰਾਕ ਡਿਊ ਹੈ, ਨੂੰ ਇਸ ਐਤਵਾਰ ਤੱਕ ਉਨ੍ਹਾਂ ਦੀ ਦੂਜੀ ਖੁਰਾਕ ਵੀ ਲਗਾ ਦਿੱਤੀ ਜਾਵੇ ਤਾਂ ਜੋ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਮੂਹ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।
15 ਤੋਂ 18 ਸਾਲ ਦੀ ਉਮਰ ਦੇ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਜਲੰਧਰ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਕਿਹਾ ਕਿ ਉਹ ਐਤਵਾਰ ਤੱਕ ਨਜ਼ਦੀਕੀ ਸਿਹਤ ਕੇਂਦਰਾਂ ਤੋਂ ਆਪਣੇ ਯੋਗ ਵਿਦਿਆਰਥੀਆਂ ਦਾ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਸਾਰੇ ਨਰਸਿੰਗ, ਡਿਗਰੀ ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਆਈਲੈਟਸ ਸੰਸਥਾਵਾਂ ਨੂੰ ਆਪਣੇ ਯੋਗ ਵਿਦਿਆਰਥੀਆਂ ਨੂੰ ਟੀਕਾਕਰਨ ਵਿੱਚ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਜਲੰਧਰ ਭਰ ਵਿੱਚ 256 ਸੈਸ਼ਨ ਸਾਈਟਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਜਲੰਧਰ-1 ਸਬ ਡਵੀਜ਼ਨ ਦੀਆਂ 98, ਜਲੰਧਰ-2 ਦੀਆਂ 34, ਫਿਲੌਰ ਦੀਆਂ 59, ਨਕੋਦਰ ਦੀਆਂ 38, ਅਤੇ ਸ਼ਾਹਕੋਟ ਸਬ ਡਵੀਜ਼ਨਾਂ ਦੀਆਂ 271 ਸੈਸ਼ਨ ਸਾਈਟਾਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਵੀਡੀਓ ਕਾਨਫਰੰਸ ਰਾਹੀਂ ਸਮੂਹ ਪ੍ਰਿੰਸੀਪਲਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ 27 ਫਰਵਰੀ, 2022 ਐਤਵਾਰ ਤੱਕ 15-18 ਉਮਰ ਵਰਗ ਦੇ ਯੋਗ ਵਿਦਿਆਰਥੀਆਂ ਦਾ ਟੀਕਾਕਰਨ ਮੁਕੰਮਲ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਵੈਕਸੀਨ ਦੀਆਂ 3335302 ਖੁਰਾਕਾਂ ਯੋਗ ਲਾਭਪਾਤਰੀਆਂ ਨੂੰ ਲਗਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕ੍ਰਮਵਾਰ 1694145 ਪਹਿਲੀ, 1499705 ਦੂਜੀ ਖੁਰਾਕਾਂ ਤੋਂ ਇਲਾਵਾ 15-18 ਉਮਰ ਵਰਗ ਦੇ ਲਾਭਪਾਤਰੀਆਂ ਨੂੰ 74391 ਖੁਰਾਕਾਂ ਅਤੇ 67061 ਅਹਿਤਿਆਤੀ ਖੁਰਾਕਾਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਰਟੀਫਿਕੇਟ ਪ੍ਰਾਪਤ ਦੇ ਨਾਲ-ਨਾਲ ਨਜ਼ਦੀਕੀ ਟੀਕਾਕਰਨ ਸਾਈਟਾਂ ਬਾਰੇ ਜਾਣਕਾਰੀ ਸਮੇਤ ਟੀਕਾਕਰਨ ਨਾਲ ਸਬੰਧਤ ਹੋਰ ਮੁਸ਼ਕਲਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਪਹਿਲਾਂ ਹੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੈਲਪਲਾਈਨ ਨੰਬਰ 0181-2224417 ਚੌਵੀ ਘੰਟੇ ਕੰਮ ਕਰ ਰਿਹਾ ਹੈ, ਜਿੱਥੇ ਲੋਕ ਕੋਵਿਡ-19 ਟੀਕਾਕਰਨ ਸਬੰਧੀ ਆਪਣੀਆਂ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੈਲਪਲਾਈਨ ਰਾਹੀਂ ਲੋਕਾਂ ਨੂੰ ਨਜ਼ਦੀਕੀ ਟੀਕਾਕਰਨ ਸਾਈਟਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਆਪਣੀ ਕੋਵਿਡ ਦੀ ਖੁਰਾਕ ਪ੍ਰਾਪਤ ਕਰਨਾ ਚਾਹੁੰਦੇ ਹਨ।
ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਟੀਕਾਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਦਾ ਸੱਦਾ ਦਿੰਦਿਆਂ  ਕਿਹਾ ਕਿ ਸਮਾਜ ਵਿੱਚੋਂ ਇਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਨੂੰ ਸਾਰੇ ਯੋਗ ਲਾਭਪਾਤਰੀਆਂ ਦੇ ਸੌ ਫ਼ੀਸਦੀ ਟੀਕਾਕਰਨ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਰਾਕੇਸ਼ ਚੋਪੜਾ, ਸਮੂਹ ਐਸਐਮਓਜ਼ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!