
ਟਰਾਂਸਪੋਰਟ ਸਬੰਧੀ ਸੇਵਾਵਾਂ ਲਈ ਕਿਸੇ ਨੂੰ ਵੀ ਵਾਧੂ ਪੈਸੇ ਵਸੂਲ ਕਰਨ ਦੀ ਇਜਾਜ਼ਤ ਨਹੀਂ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਸਬ ਡਵੀਜ਼ਨਲ ਮੈਜਿਸਟਰੇਟ ਐਸਡੀਐਮ ਡਾ. ਜੈ ਇੰਦਰ ਸਿੰਘ ਵੱਲੋਂ ਵੀਰਵਾਰ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਦੀ ਸਪੁਰਦਗੀ ਦਾ ਜਾਇਜ਼ਾ ਲੈਣ ਲਈ ਤਹਿਸੀਲ ਕੰਪਲੈਕਸ ਅਤੇ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਡੀਐਮ ਡਾ. ਜੈ ਇੰਦਰ ਸਿੰਘ ਨੇ ਦੱਸਿਆ ਕਿ ਅੱਜ ਦੀ ਚੈਕਿੰਗ ਇਨ੍ਹਾਂ ਸੇਵਾਵਾਂ ਨੂੰ ਮੁਹੱਈਆ ਕਰਵਾਉਣ ਲਈ ਵਾਧੂ ਪੈਸੇ ਵਸੂਲ ਕਰਨ ਜਾਂ ਬੇਨਿਯਮੀਆਂ ਨੂੰ ਰੋਕਣ ਲਈ ਕੀਤੀ ਗਈ ਹੈ। ਐਸਡੀਐਮ ਨੇ ਤਹਿਸੀਲ ਕੰਪਲੈਕਸ ਵਿਖੇ ਸਥਿਤ ਸਾਰੇ ਬੂਥਾਂ ਦਾ ਦੌਰਾ ਕੀਤਾ ਅਤੇ ਉਥੇ ਮੌਜੂਦ ਆਮ ਲੋਕਾਂ ਨਾਲ ਵਿਅਕਤੀਗਤ ਤੌਰ ‘ਤੇ ਗੱਲਬਾਤ ਵੀ ਕੀਤੀ। ਉਨ੍ਹਾਂ ਬਿਨੈਕਾਰਾਂ ਨੂੰ ਪੁੱਛਿਆ ਕੀ ਉਨ੍ਹਾਂ ਪਾਸੋਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਲਈ ਵਾਧੂ ਫੀਸ ਵਸੂਲ ਕੀਤੀ ਗਈ ਹੈ? ਇਸ ਦੇ ਨਾਲ ਹੀ ਬੂਥ ਮਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਬਚਣ ਦੇ ਨਿਰਦੇਸ਼ ਦਿੱਤੇ।
ਇਸ ਉਪਰੰਤ ਐਸਡੀਐਮ ਵੱਲੋਂ ਡਰਾਈਵਿੰਗ ਟੈਸਟ ਟਰੈਕ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 2 ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਕਈ ਦਸਤਾਵੇਜ਼ ਜ਼ਬਤ ਕੀਤੇ। ਡਾ. ਸਿੰਘ ਵੱਲੋਂ ਇਨ੍ਹਾਂ ਦਸਤਾਵੇਜ਼ਾਂ ਦੀ ਬਰਾਮਦਗੀ ਬਾਰੇ ਟਰਾਂਸਪੋਰਟ ਵਿਭਾਗ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।
ਇਸ ਦੌਰਾਨ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਲਈ ਸਿੱਧੇ ਤੌਰ ‘ਤੇ ਆਰਟੀਏ ਦਫ਼ਤਰ ਪਹੁੰਚਣ ਦੀ ਅਪੀਲ ਕਰਦਿਆਂ ਉਨ੍ਹਾਂ ਡਰਾਈਵਿੰਗ ਟਰੈਕ ਦੇ ਸਟਾਫ਼ ਨੂੰ ਕਿਸੇ ਵੀ ਏਜੰਟ ਨੂੰ ਬਰਦਾਸ਼ਤ ਨਾ ਕਰਨ ਅਤੇ ਵੱਖ-ਵੱਖ ਸੇਵਾਵਾਂ ਲਈ ਸਰਕਾਰੀ ਫੀਸਾਂ ਪ੍ਰਦਰਸ਼ਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਆਮ ਲੋਕ ਇਸ ਸਬੰਧੀ ਜਾਣੂੰ ਹੋ ਸਕਣ ਅਤੇ ਏਜੰਟਾਂ ਦਾ ਸ਼ਿਕਾਰ ਨਾ ਬਣਨ।



