
*ਵਿਸ਼ੇਸ਼ ਮੁਹਿੰਮ ਤਹਿਤ ਏਪੀਜੇ ਸਕੂਲ ਵਿਖੇ ਲਗਾਇਆ ਵੈਕਸੀਨੇਸ਼ਨ ਕੈਂਪ*
ਜਲੰਧਰ *ਗਲੋਬਲ ਆਜ ਤਕ*(ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਜਿਲੇ ‘ਚ ਚੱਲ ਰਹੀ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਦੇ ਸੌ ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਦੀ ਮੁਹਿੰਮ ਤਹਿਤ ਅੱਜ ਐਸਡਐਮ ਹਰਪ੍ਰੀਤ ਸਿੰਘ ਅਟਵਾਲ ਨੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ।
ਸਥਾਨਕ ਏਪੀਜੇ ਸਕੂਲ, ਰਾਮਾਮੰਡੀ ਵਿਖੇ ਲੱਗੇ ਟੀਕਾਕਰਨ ਕੈਂਪ ਲਗਾਇਆ ਦੌਰਾਨ ਐਸਡੀਐਮ ਜਲੰਧਰ-1 ਹਰਪ੍ਰੀਤ ਸਿੰਘ ਅਟਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ 12 ਤੋਂ 14 ਸਾਲ ਉਮਰ ਵਰਗ ਦੇ ਵਿਦਿਆਰਥੀਆਂ ਦਾ ਟੀਕਾਕਰਨ ਲਾਜ਼ਮੀ ਕਰਵਾਉਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੋਰਬੇਵੈਕਸ ਲਗਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵਾਇਰਸ ਦੇ ਪ੍ਰਭਾਵ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਜਿਲਾ ਪ੍ਰਸ਼ਾਸਨ ਵਲੋਂ ਟੀਕਾਕਰਨ ਮੁਹਿੰਮ ਲਈ ਤਾਇਨਾਤ ਕੀਤੇ ਗਏ ਨੋਡਲ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ਨਾਲ ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਟਾਫ਼ ਨਾਲ ਲੋੜੀਂਦਾ ਰਾਬਤਾ ਬਣਾਉਣ ਤਾਂ ਜੋ ਟੀਕਾਕਰਨ ਮੁਹਿੰਮ ਨੂੰ ਸੁੱਚਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਅਹਿਮ ਰੋਲ ਹੈ ਜਿਸ ਲਈ ਉਨ੍ਹਾਂ ਨੂੰ ਪੂਰੀ ਸ਼ਿੱਦਤ ਨਾਲ ਯੋਗ ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ।
ਇਸੇ ਦੌਰਾਨ ਐਸਡੀਐਮ ਵੱਲੋਂ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਹਜਾਰਾ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਸਕੂਲ ਸਟਾਫ ਨੂੰ ਬੱਚਿਆਂ ਨੂੰ ਟੀਕਾਕਰਨ ਲਈ ਉਤਸ਼ਾਹਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੀਆਂ ਸਬ ਡਵੀਜ਼ਨਾਂ ਅਧੀਨ ਆਉਂਦੇ ਸਕੂਲਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਇਸ ਉਮਰ ਵਰਗ ਦੇ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ ਟੀਕਾਕਰਨ ਤਹਿਤ ਕਵਰ ਕੀਤਾ ਜਾ ਸਕੇ।
ਕੈਂਪ ਦੌਰਾਨ ਪੀਐਸਸੀ ਜਮਸ਼ੇਰ ਖਾਸ, ਸੈਕਟਰ ਬੋਲੀਨਾ ਵੱਲੋਂ ਕੈਂਪ ਦੌਰਾਨ ਵਿਦਿਆਰਥੀਆਂ ਦੇ ਕੋਰਬੀਵੈਕਸ ਦੀ ਖੁਰਾਕ ਲਗਾਈ ਗਈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 1465 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨਾਲ ਤਾਲਮੇਲ ਕਰਨ ਲਈ 126 ਸਿਵਲ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਸਬ ਡਵੀਜ਼ਨ ਜਲੰਧਰ-1 ਦੇ 434 ਸਕੂਲਾਂ ਲਈ 35 ਸਿਵਲ ਨੋਡਲ ਅਫ਼ਸਰਾਂ, ਸਬ ਡਵੀਜ਼ਨ ਜਲੰਧਰ-2 ਦੇ 364 ਸਕੂਲਾਂ ਲਈ 29, ਨਕੋਦਰ ਦੇ 164 ਸਕੂਲਾਂ ਲਈ 17, ਫਿਲੌਰ ਦੇ 306 ਸਕੂਲਾਂ ਲਈ 25 ਅਤੇ ਸ਼ਾਹਕੋਟ ਦੇ 197 ਸਕੂਲਾਂ ਲਈ 20 ਨੋਡਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ 12 ਤੋਂ 14 ਸਾਲ ਉਮਰ ਵਰਗ ਦਾ ਕੋਈ ਵੀ ਵਿਦਿਆਰਥੀ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਏਪੀਜੇ ਐਜੂਕੇਸ਼ਨ ਦੇ ਪ੍ਰਧਾਨ ਸੁਸ਼ਮਾ ਪਾਲ ਬਰਲੀਆ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਵਿੱਚ ਚੰਚਲ ਰਾਮ ਬਾਂਸਲ ਨੋਡਲ ਅਫ਼ਸਰ ਜਲੰਧਰ-1, ਮਹੇਸ਼ ਕੁਮਾਰ ਏਐੱਸਡੀਏ, ਆਰਤੀ ਸ਼ੋਰੀ ਭੱਟ ਵਾਈਸ ਪ੍ਰਿੰਸੀਪਲ, ਪਵਾਨਾ ਸ਼ਰਮਾ (ਐਮਪੀਐਚਡਬਲਯੂ) ਸੰਜੋਗਤਾ ਦੇਵੀ (ਐਮਪੀਐਚਡਬਲਯੂ) ਨੀਲਮ ਕੁਮਾਰੀ ਆਸ਼ਾ ਵਰਕਰ, ਰੋਹਿਨੀ ਨਰਸ ਏਪੀਜੇ ਸਕੂਲ ਰਾਮਾਂ ਮੰਡੀ ਵੀ ਮੌਜੂਦ ਸਨ।



