
ਕਿਹਾ, ਪੰਜਾਬ ‘ਚ ਆਪ ਸਰਕਾਰ ਬਣਨ ‘ਤੇ ਕੈਂਟ ਹਲਕੇ ‘ਚ ਵਿਕਾਸ ਕੰਮਾਂ ਦੌਰਾਨ ਲੱਖਾਂ ਰੁਪਏ ਦੀ ਹੋਈ ਘਪਲੇਬਾਜ਼ੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਜਲੰਧਰ (ਅਮਰਜੀਤ ਸਿੰਘ ਲਵਲਾ) ਜਲੰਧਰ ਕੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਜਲੰਧਰ ਕੈਂਟ ਇਲਾਕੇ ‘ਚ ਕੁਝ ਦਿਨ ਪਹਿਲਾਂ ਹੀ ਬੱਸ ਸਟੈਂਡ ਤੋਂ ਗੜ੍ਹਾ ਨੂੰ ਨਵੀ ਬਣ ਰਹੀ ਸੜਕ ਦੇ ਮਾਮਲੇ ‘ਚ ਹੋਈ ਘਪਲੇਬਾਜ਼ੀ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਕੈਂਟ ਹਲਕੇ ‘ਚ ਮੌਜੂਦਾ ਕਾਂਗਰਸੀ ਮੰਤਰੀ, ਠੇਕੇਦਾਰਾਂ ‘ਤੇ ਨਿਗਮ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਅਨੇਕਾਂ ਸੜਕਾਂ ਬਣਾਉਣ ਮੌਕੇ ਵਡੇ ਪੱਧਰ ‘ਤੇ ਘਪਲੇਬਾਜ਼ੀ ਕੀਤੀ ਗਈ ਹੈ। ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਇਹ ਸੜਕ ਕੁਝ ਦਿਨ ਪਹਿਲਾਂ ਹੀ ਬਣੀ ਸੀ ਜੋ ਕਿ ਹੁਣ ਬੁਰੀ ਤਰਾਂ ਟੁੱਟ ਚੁਕੀ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਹਨਾਂ ਕਿਹਾ ਕਿ ਇਲਾਕੇ ਦੇ ਲੋਕ ਮੌਜੂਦਾ ਵਿਧਾਇਕ ਤੋਂ ਦੁਖੀ ਹੋਕੇ ਉਸਨੂੰ ਚਲਦਾ ਕਰਨ ਲਈ ਪੱਬਾਂ ਭਾਰ ਖੜ੍ਹੇ ਹੋ ਚੁਕੇ ਹਨ।ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਸੜਕ ਬਣਾਉਣ ਵਾਲੇ ਠੇਕੇਦਾਰ ਨੇ ਸੜਕਾਂ ‘ਤੇ ਲੁਕ ‘ਚ ਕਾਲਾ ਤੇਲ ਪਾਕੇ ਅਤੇ ਲੋਕਾਂ ਦੀਆ ਅੱਖਾਂ ‘ਚ ਘਟਾ ਪਾਕੇ ਵੱਡੇ ਪੱਧਰ ਤੇ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਆਪ ਸਰਕਾਰ ਬਣਨ ‘ਤੇ ਕੈਂਟ ਹਲਕੇ ‘ਚ ਵਿਕਾਸ ਕੰਮਾਂ ਦੌਰਾਨ ਲੱਖਾਂ ਰੁਪਏ ਦੀ ਹੋਈ ਘਪਲੇਬਾਜੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।



