
200 ਐਲਪੀਐਮ ਦੀ ਸਮਰੱਥਾ ਵਾਲਾ ਇਹ ਪਲਾਂਟ ਜਲੰਧਰ ‘ਚ ਆਕਸੀਜਨ ਉਤਪਾਦਨ ਦੀ ਸਮਰੱਥਾ ਨੂੰ ਹੋਰ ਕਰੇਗਾ ਮਜ਼ਬੂਤ
ਜਲੰਧਰ ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਜਲੰਧਰ ਵਿੱਚ ਪੀਐਸਏ ਅਧਾਰਿਤ ਇਕ ਹੋਰ ਆਕਸੀਜਨ ਪਲਾਂਟ ਲਗਾਉਣ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਹਨ ਅਤੇ ਇਸ ਨਵੇਂ ਪਲਾਂਟ ਲਈ ਮਸ਼ੀਨਰੀ ਜਲੰਧਰ ਵਿਖੇ ਪਹੁੰਚ ਚੁੱਕੀ ਹੈ, ਜੋ ਕਿ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਵਿਖੇ ਲਗਾਇਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪਲਾਂਟ ਵੱਲੋਂ 200 ਲਿਟਰ ਪ੍ਰਤੀ ਮਿੰਟ (ਐਲਪੀਐਮ) ਮੈਡੀਕਲ ਆਕਸੀਜਨ ਤਿਆਰ ਕੀਤੀ ਜਾਵੇਗੀ, ਜਿਸ ਨਾਲ ਜਲੰਧਰ ਵਿਖੇ ਆਕਸੀਜਨ ਉਤਪਾਦਨ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਦੱਸਿਆ ਕਿ 1000 ਲੀਟਰ ਪ੍ਰਤੀ ਮਿੰਟ (ਐਲਪੀਐਮ) ਦੀ ਸਮਰੱਥਾ ਵਾਲਾ ਇਕ ਵਾਧੂ ਪਲਾਂਟ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਆਕਸੀਜਨ ਉਤਪਾਦਨ ਦੀ ਸਮਰੱਥਾ ਵਿੱਚ ਸੁਧਾਰ ਲਈ ਬਹੁਤ ਉਪਰਾਲੇ ਕੀਤੇ ਗਏ ਹਨ, ਜਿਸ ਸਦਕਾ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਵਿਅਕਤੀਗਤ ਆਕਸੀਜਨ ਪਲਾਂਟ ਲਗਾਉਣਾ ਹੋਰ ਵੀ ਸੁਖਾਲਾ ਹੋਇਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਜੈ ਕੁਮਾਰ ਨੇ ਦੱਸਿਆ ਕਿ ਇਹ ਆਕਸੀਜਨ ਪਲਾਂਟ ਕਮਿਊਨਟੀ ਸਿਹਤ ਕੇਂਦਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ 82.5 ਕੇਵੀਏ ਜਨਰੇਸ਼ਨ ਸੈੱਟ ਦੇ ਨਾਲ 60 ਕੇ ਡਬਲਿਊ ਪਾਵਰ ਕੁਨੈਕਸ਼ਨ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਨੂੰ ਆਕਸੀਜਨ ਉਤਪਾਦਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਕੋਵਿਡ ਦੀ ਤੀਜੀ ਲਹਿਰ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕੀਤਾ ਜਾ ਸਕੇ।



