
ਪੰਜਵੇਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਜਲੰਧਰ, 20 ਜੁਲਾਈ (ਅਮਰਜੀਤ ਸਿੰਘ ਲਵਲਾ)
ਡਕੈਤੀ ਦੇ ਇੱਕ ਮਾਮਲੇ ਵਿੱਚ ਸ਼ਾਮਲ 4 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ ਕਮਿਸ਼ਨਰੇਟ ਪੁਲਿਸ ਨੇ ਮੰਗਲਵਾਰ ਨੂੰ ਕੁੱਕੀ ਢਾਬ ਇਲਾਕੇ ਵਿੱਚ ਵਾਪਰੀ ਲੁੱਟ ਦੀ ਵਾਰਦਾਤ, ਜਿਸ ਵਿੱਚ ਲੁਟੇਰਿਆਂ ਦੇ ਇੱਕ ਸਮੂਹ ਵੱਲੋਂ ਬੰਦੂਕ ਦੀ ਨੋਕ ‘ਤੇ ਇੱਕ ਪਰਿਵਾਰ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ, ਨੂੰ ਹੱਲ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਰਾਜਨ ਉਰਫ਼ ਰਾਜੂ, ਹਰਨੂਰ ਸਿੰਘ ਉਰਫ਼ ਨੂਰ ਦੋਵੇਂ ਵਾਸੀ ਕੋਟ ਸਦੀਕ, ਦੀਪ ਸਿੰਘ, ਉਰਫ਼ ਦੀਪ ਅਤੇ ਨਵਪ੍ਰੀਤ ਸਿੰਘ ਉਰਫ਼ ਅਭੀ ਵਾਸੀ ਪਿੰਡ ਹਮੀਰਪੁਰ, ਕਰਤਾਰਪੁਰ ਵਜੋਂ ਹੋਈ ਹੈ। ਜਦਕਿ ਕੋਟ ਸਦੀਕ ਪਿੰਡ ਦੇ ਵਸਨੀਕ ਪੰਜਵੇਂ ਮੁਲਜ਼ਮ ਦੀਪਕ ਉਰਫ਼ ਦੀਪੂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 14 ਜੁਲਾਈ 2021 ਨੂੰ ਇੱਕ ਲੁੱਟ ਦੀ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਵਿੱਚ ਲੁਟੇਰੇ ਇੱਕ ਪਰਿਵਾਰ ਪਾਸੋਂ ਗਹਿਣੇ ਲੁੱਟ ਕੇ ਲੈ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇੱਕ ਪੁਲਿਸ ਪਾਰਟੀ ਨੇ 19 ਜੁਲਾਈ 2021 ਨੂੰ ਚੈਕਿੰਗ ਦੌਰਾਨ ਦੋਪਹੀਆ ਵਾਹਨ ਇੱਕ ਐਕਟਿਵਾ ਸਕੂਟੀ ਅਤੇ ਇੱਕ ਮੋਟਰਸਾਈਕਲ ਸੀਟੀ 100 ਸਵਾਰ ਸਾਰੇ ਚਾਰ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲਿਸ ਪਾਰਟੀ ਨੂੰ ਵੇਖਦਿਆਂ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਵਪ੍ਰੀਤ ਸਿੰਘ ਉਰਫ਼ ਅਭੀ ਨੇ ਖੁਲਾਸਾ ਕੀਤਾ ਕਿ 14 ਜੁਲਾਈ, 2021 ਨੂੰ ਉਸਦੇ ਚਚੇਰੇ ਭਰਾ ਦੀਪ ਨੂੰ ਕੋਟ ਸਦੀਕ ਦੇ ਦੀਪਕ ਉਰਫ਼ ਦੀਪੂ ਦਾ ਫੋਨ ਆਇਆ ਸੀ, ਜਿਸ ਨੇ ਉਸ ਨੂੰ ਸ਼ਹਿਰ ਵਿੱਚ ਲੁੱਟ ਦੀ ਵਾਰਦਾਤ ਲਈ ਤਿਆਰ ਰਹਿਣ ਲਈ ਕਿਹਾ। ਫੋਨ ਤੋਂ ਬਾਅਦ ਉਹ ਸਾਰੇ ਕੋਟ ਸਦੀਕ ਦੀ ਨਹਿਰ ਵਿਖੇ ਇਕੱਠੇ ਹੋ ਗਏ, ਜਿਥੇ ਦੀਪਕ ਉਰਫ਼ ਦੀਪੂ ਨੇ ਲੁੱਟ-ਖੋਹ ਨੂੰ ਅੰਜਾਮ ਦੇਣ ਦੀ ਸਾਰੀ ਯੋਜਨਾ ਬਣਾਈ ਅਤੇ ਸਾਰੇ ਮੁਲਜ਼ਮਾਂ ਨੂੰ ਆਪਣਾ ਹੁਲੀਆ ਬਦਲਣ ਲਈ ਕਿਹਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕੱਪੜੇ ਬਦਲਣ ਤੋਂ ਬਾਅਦ ਉਹ ਸਾਰੇ ਮਠਿਆਈ ਦੀ ਦੁਕਾਨ ‘ਤੇ ਪਹੁੰਚੇ, ਜਿਥੋਂ ਮਠਿਆਈ ਦਾ ਇਕ ਡੱਬਾ ਖਰੀਦਿਆ ਅਤੇ ਇਕ ਕਲੋਨੀ ਲਈ ਰਵਾਨਾ ਹੋ ਗਿਆ, ਜਿੱਥੇ ਦੀਪਕ ਉਰਫ਼ ਦੀਪੂ ਪਿਸਤੌਲ ਸਮੇਤ ਇਕ ਘਰ ਵਿਚ ਦਾਖ਼ਲ ਹੋਇਆ ਅਤੇ ਫਿਰ ਹੋਰਨਾਂ ਮੁਲਜ਼ਮਾਂ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ। ਉਹ ਸਾਰੇ ਬਜ਼ੁਰਗ ਔਰਤ ਤੋਂ 2 ਸੋਨੇ ਦੀਆਂ ਵਾਲੀਆਂ, 1 ਕੋਕਾ, 2 ਚੂੜੀਆਂ ਅਤੇ 1 ਅੰਗੂਠੀ ਸਮੇਤ ਗਹਿਣੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਮੁੜ ਪਿੰਡ ਕੋਟ ਸਦੀਕ ਦੀ ਨਹਿਰ ‘ਤੇ ਇਕੱਠੇ ਹੋਏ, ਜਿਥੇ ਉਨ੍ਹਾਂ ਫਿਰ ਇਕ ਵਾਰ ਆਪਣੇ ਕੱਪੜੇ ਬਦਲੇ ਅਤੇ ਆਪਣੇ ਘਰਾਂ ਵਾਪਸ ਆ ਗਏ। ਮੁਲਜ਼ਮ ਦੀਪਕ ਉਰਫ਼ ਦੀਪੂ ਨੇ ਲੁੱਟੇ ਹੋਏ ਗਹਿਣੇ ਆਪਣੇ ਪਾਸ ਰੱਖ ਲਏ, ਜੋ ਕਿ ਅਜੇ ਫਰਾਰ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਵੱਲੋਂ ਜਲਦੀ ਤੋਂ ਜਲਦੀ ਇਸ ਮਾਮਲੇ ਦੀ ਜਾਂਚ ਨੂੰ ਪੂਰਾ ਕੀਤਾ ਜਾਵੇਗਾ ਤਾਂ ਜੋ ਪੀੜਤ ਪਰਿਵਾਰ ਨੂੰ ਜਲਦੀ ਨਿਆਂ ਦਿੱਤਾ ਜਾ ਸਕੇ। ਜ਼ਿਕਰਯੋਗ ਹੈ ਕਿ 14 ਜੁਲਾਈ 2021 ਨੂੰ ਥਾਣਾ ਡਵੀਜ਼ਨ ਨੰਬਰ 7 ਵਿਖੇ ਆਈਪੀਸੀ ਦੀ ਧਾਰਾ 454,380, 379-ਬੀ, 452 ਅਤੇ 120 ਬੀ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।



