JalandharPunjab

ਕਮਿਸ਼ਨਰੇਟ ਪੁਲਿਸ ਨੇ ਮੰਨਾਪੁਰਮ ਫਾਇਨਾਂਸ ਵਿਖੇ ਲੁੱਟ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ—ਗੁਰਪ੍ਰੀਤ ਸਿੰਘ ਭੁੱਲਰ

ਅਪਰਾਧ ਤੋਂ ਬਾਅਦ ਸੁਰਾਗਾਂ ਦਾ ਪਿੱਛਾ ਕਰਦਿਆਂ ਮੁਲਜ਼ਮ ਤੱਕ ਪਹੁੰਚੀ ਪੁਲਿਸ

ਪੁਲਿਸ ਵੱਲੋਂ ਲੁੱਟ ਵਿੱਚ ਵਰਤੀ ਗਈ ਜਾਅਲੀ ਨੰਬਰ ਵਾਲੀ ਮੋਟਰਬਾਈਕ ਵੀ ਬਰਾਮਦ, ਬਾਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਮਿਸ਼ਨਰੇਟ ਪੁਲਿਸ ਵੱਲੋਂ ਅਰਬਨ ਅਸਟੇਟ ਵਿਖੇ ਮੰਨਾਪੁਰਮ ਫਾਇਨਾਂਸ ਵਿੱਚ ਹੋਈ ਸਨਸਨੀਖੇਜ਼ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿੱਥੇ 24 ਜੁਲਾਈ ਨੂੰ ਵੱਡੀ ਮਾਤਰਾ ਵਿੱਚ ਸੋਨਾ ਅਤੇ 2.34 ਲੱਖ ਰੁਪਏ ਲੁੱਟ ਲਏ ਗਏ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਬਿਲਗਾਮ ਦੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਵਾਸੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹੜਾ ਆਪਣੇ ਚਚੇਰੇ ਭਰਾ ਦੀਪਕ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਜਾਅਲੀ ਨੰਬਰ ਪਲੇਟ ਵਾਲੀ ਇੱਕ ਮੋਟਰਬਾਈਕ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਭੁੱਲਰ ਨੇ ਕਿਹਾ ਕਿ ਪੁਲਿਸ ਵੱਲੋਂ ਲੁੱਟ ਵਿੱਚ ਸ਼ਾਮਲ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਬਿਹਾਰ ਪੁਲਿਸ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਹੈ।
ਮੁੱਢਲੀ ਜਾਂਚ ਵਿੱਚ ਪ੍ਰਸ਼ਾਂਤ ਨੇ ਦੱਸਿਆ ਕਿ ਉਹ ਸੁਲਤਾਨਪੁਰ ਲੋਧੀ ਵਿੱਚ ਰਾਜ ਮਿਸਤਰੀ ਅਤੇ ਫਲੋਰ ਟਾਇਲਾਂ ਫਿਟਿੰਗ ਦਾ ਕੰਮ ਕਰਦਾ ਸੀ, ਜਿੱਥੇ ਉਹ ਡੇਢ ਸਾਲ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਦੀਪਕ ਆਪਣੇ ਸਾਥੀਆਂ ਦੇ ਨਾਲ ਤਿੰਨ ਬਾਈਕਾਂ ਅਤੇ ਇੱਕ ਕਾਰ ਲੈ ਕੇ 15 ਜੁਲਾਈ, 2021 ਨੂੰ ਪ੍ਰਸ਼ਾਂਤ ਪਾਸ ਪਹੁੰਚਿਆ ਅਤੇ ਪ੍ਰਸ਼ਾਂਤ ਨੇ ਉਨ੍ਹਾਂ ਲਈ ਕਿਰਾਏ ਦੇ ਮਕਾਨ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਇਨ੍ਹਾਂ ਲੁੱਟ ਦੀ ਸਾਜ਼ਿਸ਼ ਰਚੀ ਅਤੇ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ।
ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਇਹ ਸਾਰੇ 24 ਜੁਲਾਈ ਨੂੰ ਦੁਪਹਿਰ 3 ਵਜੇ ਦੇ ਕਰੀਬ ਮੰਨਾਪੁਰਮ ਫਾਇਨਾਂਸ ਦੀ ਬ੍ਰਾਂਚ ਵਿੱਚ ਗਏ, ਜਿੱਥੇ ਇਨ੍ਹਾਂ ਸਮੁੱਚੇ ਸਟਾਫ਼ ਨੂੰ ਬੰਦੂਕ ਦੀ ਨੋਕ ‘ਤੇ ਲੈ ਕੇ ਉਨ੍ਹਾਂ ਨੂੰ ਸੇਫ਼ ਰੂਮ ਵਿੱਚ ਧੱਕ ਦਿੱਤਾ। ਇਸ ਤੋਂ ਬਾਅਦ ਇਹ ਵੱਡੀ ਮਾਤਰਾ ਵਿੱਚ ਸੋਨਾ ਅਤੇ 2.34 ਲੱਖ ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਲੁੱਟ ਦੀ ਸਾਰੇ ਪਹਿਲੂਆਂ ਤੋਂ ਤਕਨੀਕੀ ਤੌਰ ‘ਤੇ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਮੁਲਜ਼ਮ ਨੂੰ ਫੜਨ ਵਿੱਚ ਸਫ਼ਲਤਾ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਤਕਨੀਕੀ ਅਤੇ ਹੋਰ ਖੁਫੀਆ ਜਾਣਕਾਰੀ ਰਾਹੀਂ ਮੁਲਜ਼ਮਾਂ ਅਤੇ ਉਨ੍ਹਾਂ ਦੇ ਟਿਕਾਣਿਆਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਅਤੇ ਅਖੀਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਜਵਾਲਾ ਸਿੰਘ ਨਗਰ ਪਹੁੰਚੀ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਵਿੱਚ ਮੁਲਜ਼ਮਾਂ ਦੇ ਇੱਕ ਹੋਰ ਠਿਕਾਣੇ ਦਾ ਵੀ ਪਤਾ ਲਗਾਇਆ ਗਿਆ ਹੈ, ਜਿੱਥੇ ਮੁਲਜ਼ਮ ਲੁੱਟ ਤੋਂ ਬਾਅਦ ਕੁਝ ਸਮੇਂ ਲਈ ਠਹਿਰੇ ਸਨ, ਇਮਾਰਤ ਪਿੰਡ ਫਤਿਹਪੁਰ ਦੇ ਵਸਨੀਕ ਅਮਰਜੀਤ ਸਿੰਘ ਦੀ ਹੈ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਪਾਰਟੀਆਂ ਵੱਲੋਂ ਕਿਰਾਏ ਦੇ ਮਕਾਨ ਦੇ ਸੁਰਾਗਾਂ ਦਾ ਪਤਾ ਲਗਾਇਆ ਗਿਆ, ਜਿੱਥੇ ਸਾਰੇ ਮੁਲਜ਼ਮ 15 ਜੁਲਾਈ, 2021 ਨੂੰ ਸੁਲਤਾਨਪੁਰ ਲੋਧੀ ਵਿੱਚ ਠਹਿਰੇ ਸਨ, ਜਿਸ ਕਾਰਨ ਜਾਂਚ ਪ੍ਰਸ਼ਾਂਤ ਕੁਮਾਰ ਵੱਲ ਮੁੜੀ, ਜਿਸ ਵੱਲੋਂ ਮੁਲਜ਼ਮਾਂ ਲਈ ਉਕਤ ਕਮਰੇ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੁੱਟ ਤੋਂ ਬਾਅਦ ਪ੍ਰਸ਼ਾਂਤ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੱਛਮੀ ਦਿੱਲੀ ਦੇ ਰਘਬੀਰ ਨਗਰ ਤੋਂ ਕਾਬੂ ਕੀਤਾ ਗਿਆ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਲੁੱਟੇ ਹੋਏ ਸੋਨੇ ਨੂੰ ਬਾਜ਼ਾਰ ਵਿੱਚ ਵੇਚਣ ਤੋਂ ਬਾਅਦ ਪ੍ਰਸ਼ਾਂਤ ਨੂੰ ਆਪਣਾ ਹਿੱਸਾ ਮਿਲਣਾ ਸੀ, ਹਾਲਾਂਕਿ ਮੰਨਾਪੁਰਮ ਫਾਇਨਾਂਸ ਬ੍ਰਾਂਚ ਵਿਚੋਂ ਲੁੱਟੇ 2.34 ਲੱਖ ਰੁਪਏ ਵਿੱਚੋਂ 50,000 ਰੁਪਏ ਉਸ ਨੇ ਹਿੱਸੇ ਵਜੋਂ ਪ੍ਰਾਪਤ ਕਰ ਲਏ ਸਨ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਟੀਮਾਂ ਵੱਲੋਂ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਹਰਮਿੰਦਰ ਸਿੰਘ ਸਮੇਤ ਇਸ ਵਾਰਦਾਤ ਨੂੰ ਸੁਲਝਾਉਣ ਲਈ ਨਿਯੁਕਤ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਦੇ ਟੀਮ ਵਰਕ ਦੀ ਸ਼ਲਾਘਾ ਕੀਤੀ, ਜਿਨ੍ਹਾਂ ਇਸ ਕੇਸ ਨੂੰ ਸੁਲਝਾਉਣ ਲਈ ਅਦਭੁਤ ਪੇਸ਼ੇਵਰ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!