
ਕਾਂਗਰਸੀ ਮੈਂਬਰ ਪੰਚਾਇਤ ‘ਤੇ ਸਾਥੀ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ
ਪੰਜਾਬ,ਜਲੰਧਰ (ਅਮਰਜੀਤ ਸਿੰਘ ਲਵਲਾ)
ਨਕੋਦਰ ਸਿਟੀ ਪੁਲਿਸ ਨੇ ਕਾਰ ਸਵਾਰ ਇਕ ਕਾਂਗਰਸੀ ਮੈਂਬਰ ਪੰਚਾਇਤ ‘ਤੇ ਉਸਦੇ ਸਾਥੀ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਭਾਰੀ ਮਾਤਰਾ ‘ਚ ਹੈਰੋਇਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਬਰਾਮਦ ਕੀਤੀ ਉਕਤ ਹੈਰੋਇਨ ਦੀ ਅੰਤਰ ਰਾਸ਼ਟਰੀ ਕੀਮਤ ਕਰੀਬ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀਐੱਸਪੀ ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਦਿਹਾਤੀ ਪੁਲਿਸ ਵੱਲੋਂ ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਿਟੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਮੀਤ ਸਿੰਘ ਉਰਫ ਗੈਰੀ ਪੁੱਤਰ ਨਰਾਇਣ ਸਿੰਘ ਵਾਸੀ ਧਰਮੇ ਦੀਆ ਛੰਨਾ ਥਾਣਾ ਮਹਿਤਪੁਰ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਪੁੱਤਰ ਜਸਵੀਰ ਸਿੰਘ ਵਾਸੀ ਅਵਾਣ ਖਾਲਸਾ ਥਾਣਾ ਮਹਿਤਪੁਰ (ਜ਼ਿਲ੍ਹਾ ਜਲੰਧਰ) ਆਪਣੀ ਕਾਰ ਆਈ-20 ਰੰਗ ਚਿੱਟਾ ਜਿਸ ਨੂੰ ਗੁਰਮੀਤ ਸਿੰਘ ਉਰਫ ਗੈਰੀ ਚਲਾ ਰਿਹਾ ਹੈ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਨਾਲ ਅਗਲੀ ਸੀਟ ‘ਤੇ ਬੈਠਾ ਹੈ ।
ਜਿਨ੍ਹਾ ਕੋਲ ਹੈਰੋਇਨ ਹੈ’ ਅਤੇ ਜੋ ਪਿੰਡ ਪੰਡੋਰੀ ਵੱਲ ਨੂੰ ਜਾ ਰਹੇ ਹਨ। ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ, ਪੁਲਿਸ ਏਐਸਆਈ ਬਲਵਿੰਦਰ ਸਿੰਘ, ਸਿਪਾਹੀ ਸੰਜੀਤ ਕੁਮਾਰ, ਰਮਜੀਤ ਸਿੰਘ, ਮਨਦੀਪ ਸਿੰਘ ਅਤੇ ਦਰਬਾਰਾ ਸਿੰਘ ਨੇ ਕੀਤੀ ਸਖ਼ਤ ਨਾਕਾਬੰਦੀ ਦੌਰਾਨ ਉਕਤ ਕਾਰ ਸਵਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਗੁਰਮੀਤ ਸਿੰਘ ਉਰਫ ਗੈਰੀ ਪਾਸੋਂ 350 ਗ੍ਰਾਮ ਹੈਰੋਇਨ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਪਾਸੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤੇ ਗਏ ਮੁਲਜ਼ਮ ਗੁਰਮੀਤ ਸਿੰਘ ਉਰਫ ਗੈਰੀ ਦੀ ਉਮਰ ਕਰੀਬ 30 ਸਾਲ ਹੈ। ਉਹ ਮਹਿਤਪੁਰ ਦੇ ਪਿੰਡ ਧਰਮੇ ਦੀਆ ਛੰਨਾ ਦਾ ਮੌਜੂਦਾ ਕਾਂਗਰਸੀ ਮੈਂਬਰ ਪੰਚਾਇਤ ਹੈ ਅਤੇ ਮਹਿਤਪੁਰ ਵਿੱਚ ਜਿੰਮ ਚਲਾਉਂਦਾ ਹੈ।



