
ਕਾਨੀਆਂ ਕਲਾਂ ਗਊਸ਼ਾਲਾ ਵਿਖੇ 38.55 ਲੱਖ ਦੀ ਲਾਗਤ ਨਾਲ ਬਣਾਇਆ ਜਾਵੇਗਾ ਨਵਾਂ ਕੈਟਲ ਸ਼ੈੱਡ
ਡਿਪਟੀ ਕਮਿਸ਼ਨਰ ਨੇ ਸ਼ਾਹਕੋਟ ਵਿਖੇ ਕੀਤਾ ਗਊਸ਼ਾਲਾ ਅਤੇ ਓਲਡ ਏਜ ਹੋਮ ਦਾ ਦੌਰਾ
ਪਿੰਡ ਵਿਚ ਬਜ਼ੁਰਗ ਨਾਗਰਿਕਾਂ ਦੀ ਸੇਵਾ ਕਰਨ ਵਾਲੇ ਸਥਾਨਕ ਨੌਜਵਾਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ
ਅਮਰਜੀਤ ਸਿੰਘ ਲਵਲਾ ਜਲੰਧਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਹਕੋਟ ਦੇ ਪਿੰਡ ਕਾਨੀਆਂ ਕਲਾਂ ਦੀ ਗਊਸ਼ਾਲਾ ਵਿਖੇ ਪਸ਼ੂਆਂ ਲਈ ਨਵੇਂ ਸ਼ੈੱਡ ਦਾ ਨਿਰਮਾਣ ਸ਼ੁਰੂ ਕਰਨ ਲਈ ਤਿਆਰੀ ਖਿੱਚ ਦਿੱਤੀ ਗਈ ਹੈ, ਜਿਸ ਦੇ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਐਲਾਨੀ 38.55 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਵੱਲੋਂ ਪਹਿਲਾਂ ਹੀ ਪ੍ਰਵਾਨ ਕੀਤੀ ਜਾ ਚੁੱਕੀ ਹੈ ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨਾਲ ਗਊਸ਼ਾਲਾ ਦਾ ਦੌਰਾ ਕਰਦਿਆਂ ਕਿਹਾ ਕਿ ਇੱਥੇ ਪਸ਼ੂਆਂ ਦੇ ਸ਼ੈੱਡ ਦੀ ਉਸਾਰੀ ਲਈ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਦੇ ਫੰਡ ਸਬੰਧਤ ਅਥਾਰਟੀ ਨੂੰ ਤਬਦੀਲ ਕੀਤੇ ਜਾਣਗੇ। ਉਨ੍ਹਾਂ ਇਸ ਗਊਸ਼ਾਲਾ ਨੂੰ ਭੇਜੇ ਜਾ ਰਹੇ ਬੇਸਹਾਰਾ ਪਸ਼ੂਆਂ ਦੇ ਬਦਲੇ ਵਿੱਚ ਨਗਰ ਨਿਗਮ ਕੋਲ ਪਏ ਚਾਰੇ ਲਈ ਲੋੜੀਂਦੇ ਫੰਡ ਜਲਦੀ ਜਾਰੀ ਕਰਨ ਦਾ ਗਊਸ਼ਾਲਾ ਦੀ ਮੈਨੇਜਮੈਂਟ ਨੂੰ ਵੀ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਹੋਰ ਉਪਰਾਲਿਆਂ ਤੋਂ ਇਲਾਵਾ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਬੇਸਹਾਰਾ ਪਸ਼ੂਆਂ ਦੀਆਂ ਗਰਦਨਾਂ ‘ਤੇ ਰਿਫਲੈਕਟਿਵ ਟੇਪਾਂ ਲਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਬਿੱਲੀ ਵੜੈਚ ਵਿਖੇ ਸਥਿਤ ਓਲਡ ਏਜ ਹੋਮ ਦਾ ਦੌਰਾ ਕੀਤਾ, ਜੋ ਕਿ ਗਿੱਲ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਬਜ਼ੁਰਗ ਵਿਅਕਤੀਆਂ ਲਈ ਓਲਡ ਏਜ ਹੋਮ ਚਲਾਉਣ ਅਤੇ ਉਨ੍ਹਾਂ ਨੂੰ ਇਥੇ ਬਿਹਤਰੀਨ ਸਹੂਲਤਾਂ ਪ੍ਰਦਾਨ ਕਰਨ ਲਈ ਸਥਾਨਕ ਨੌਜਵਾਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਇਸ ਪਿੰਡ ਵਿੱਚ ਕੰਮ ਕਰ ਰਹੇ ਨੌਜਵਾਨਾਂ ਦੇ ਨਕਸ਼-ਏ-ਕਦਮਾਂ ‘ਤੇ ਚੱਲਣ ਅਤੇ ਬਜ਼ੁਰਗਾਂ ਦੀ ਸੇਵਾ ਕਰਨ ਕਰਨ ਦੀ ਅਪੀਲ ਕੀਤੀ।



