BusinessJalandharPunjab

ਕਾਰੋਬਾਰ ਸਥਾਪਤ ਕਰਨ ਲਈ ਪੀਐਮਈਜੀਪੀ ਤਹਿਤ ਹੁਣ ਮਿਲੇਗੀ 50 ਲੱਖ ਰੁਪਏ ਦੀ ਵਿੱਤੀ ਸਹਾਇਤਾ

ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਆਪਣੇ ਉੱਦਮ ਸਥਾਪਤ ਕਰ ਕੇ ਆਤਮ ਨਿਰਭਰ ਬਣਨ ਦਾ ਦਿੱਤਾ ਸੱਦਾ

*ਜ਼ਿਲ੍ਹਾ ਉਦਯੋਗ ਕੇਂਦਰ ਨੂੰ ਵਿੱਤੀ ਸਹਾਇਤਾ ਲਈ ਅਪਲਾਈ ਕਰਨ ਵਾਲੇ ਵੱਧ ਤੋਂ ਵੱਧ ਬਿਨੈਕਾਰਾਂ ਨੂੰ ਸਹਿਯੋਗ ਦੇਣ ਦੀਆਂ ਹਦਾਇਤਾਂ*
ਜਲੰਧਰ *ਗਲੋਬਲ ਆਜਤੱਕ*
ਇਹ ਗੱਲ ’ਤੇ ਜ਼ੋਰ ਦਿੰਦਿਆਂ ਕਿ ਸਵੈ-ਰੋਜ਼ਗਾਰ ਨਾਲ ਬੇਰੋਜ਼ਗਾਰੀ ਦੇ ਸਰਾਪ ਨੂੰ ਦੂਰ ਕੀਤਾ ਜਾ ਸਕਦਾ ਹੈ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਨੌਜਵਾਨਾਂ ਨੂੰ ਆਪਣਾ ਉੱਦਮ ਸਥਾਪਤ ਕਰਕੇ ਆਪਣੀ ਤਕਦੀਰ ਦੇ ਮਾਲਕ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ ਪੀਐਮਈਜੀਪੀ ਤਹਿਤ ਵਿੱਤੀ ਸਹਾਇਤਾ 25 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਬੇਰੋਜ਼ਗਾਰ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਨਵੇਂ ਰਾਹ ਖੁੱਲ੍ਹ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾਂ ਬਿਨੈਕਾਰ ਨਿਰਮਾਣ ਇਕਾਈ ਸਥਾਪਤ ਕਰਨ ਲਈ 25 ਲੱਖ ਰੁਪਏ ਅਤੇ ਸੇਵਾ ਖੇਤਰ ਲਈ 10 ਲੱਖ ਰੁਪਏ ਸਬਸਿਡੀ ਵਾਲੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਸਨ, ਜੋ ਕਿ ਹੁਣ ਵਧਾ ਕੇ ਕ੍ਰਮਵਾਰ 50 ਲੱਖ ਅਤੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾ ਕੇ ਰੋਜ਼ਗਾਰ ਉਤਪਤੀ ਲਈ ਪੀਐਮਈਜੀਪੀ ਤਹਿਤ ਹੁਣ ਨਵੀਆਂ ਨਿਰਮਾਣ ਇਕਾਈਆਂ ਸਥਾਪਤ ਕਰਨ ਲਈ 50 ਲੱਖ ਰੁਪਏ ਅਤੇ ਨਵੀਂਆਂ ਸੇਵਾ ਇਕਾਈਆਂ ਲਈ 20 ਲੱਖ ਦੀ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੋਈ ਵੀ ਵਿਅਕਤੀ, ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ ਅਤੇ ਘੱਟੋ-ਘੱਟ ਅੱਠਵੀਂ ਜਮਾਤ ਪਾਸ ਹੈ, ਇਸ ਸਹਾਇਤਾ ਲਈ ਬਿਨੈ ਕਰ ਸਕਦਾ ਹੈ ਜਦਕਿ ਸਵੈ-ਸਹਾਇਤਾ ਸਮੂਹ, ਉਤਪਾਦਨ ਸਹਿਕਾਰੀ ਸਭਾਵਾਂ, ਚੈਰੀਟੇਬਲ ਟਰੱਸਟ ਆਦਿ ਵੀ ਯੋਗ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਇਕਾਈਆਂ ਵੀ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਲਈ ਲਾਭ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਜਨਰਲ ਵਰਗ ਨਾਲ ਸਬੰਧਤ ਬਿਨੈਕਾਰ ਕਰਜ਼ੇ ‘ਤੇ 15-25 ਪ੍ਰਤੀਸ਼ਤ ਸਬਸਿਡੀ ਲਈ ਯੋਗ ਹਨ ਜਦਕਿ ਐਸਸੀ, ਬੀਸੀ ਸ਼੍ਰੇਣੀ ਨਾਲ ਸਬੰਧਤ ਬਿਨੈਕਾਰ 35 ਫ਼ੀਸਦੀ ਤੱਕ ਸਬਸਿਡੀ ਪ੍ਰਾਪਤ ਕਰ ਸਕਦੇ ਹਨ। 3 ਸਾਲਾਂ ਬਾਅਦ ਲਾਭਪਾਤਰੀ ਸਕੀਮ ਤਹਿਤ ਇੱਕ ਕਰੋੜ ਰੁਪਏ ਦੀ ਵਾਧੂ ਲੋਨ ਸਹੂਲਤ ਦੇ ਯੋਗ ਹਨ। ਉਨ੍ਹਾਂ ਨੌਜਵਾਨਾਂ ਨੂੰ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਲੈ ਕੇ ਆਪਣਾ ਉੱਦਮ ਸ਼ੁਰੂ ਕਰਨ ਦੀ ਅਪੀਲ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ ਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਵਿਭਾਗ ਵੱਲੋਂ ਇਸ ਸਕੀਮ ਤਹਿਤ 225 ਕੇਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਯੋਗ ਬਿਨੈਕਾਰ ਆਪਣੀ ਫੋਟੋ, ਆਧਾਰ ਕਾਰਡ, ਸ਼੍ਰੇਣੀ ਸਰਟੀਫਿਕੇਟ, ਪ੍ਰਾਜੈਕਟ ਰਿਪੋਰਟ, ਯੋਗਤਾ ਦੇ ਸਬੂਤ ਸਮੇਤ ਲੋੜੀਂਦੇ ਦਸਤਾਵੇਜ਼ www.kvic.org.in ‘ਤੇ ਅਪਲੋਡ ਕਰ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਤੋਂ ਬਾਅਦ ਸਬੰਧਤ ਬੈਂਕਾਂ ਨੂੰ ਭੇਜਣ ਲਈ ਵਿਭਾਗ ਵੱਲੋਂ ਕੇਸ ਦਾ ਮੁਲਾਂਕਣ ਪੁਆਇੰਟ ਆਧਾਰਿਤ ਸਿਸਟਮ ਦੇ ਆਧਾਰ ‘ਤੇ ਕੀਤਾ ਜਾਵੇਗਾ। ਜਨਰਲ ਮੈਨੇਜਰ ਨੇ ਇਹ ਵੀ ਦੱਸਿਆ ਕਿ ਯੋਗ ਲਾਭਪਾਤਰੀ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ 98725-68786 ‘ਤੇ ਫ਼ੋਨ ਵੀ ਕਰ ਸਕਦੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!