ਸੁਖਮੀਤ ਡਿਪਟੀ ਕਤਲ ਕੇਸ ‘ਚ ਮਿਲੇ ਅਹਿਮ ਸੁਰਾਗ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਕਿਸ਼ਨਪੁਰਾ ਫਾਇਰਿੰਗ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸ਼ਿਵ ਨਗਰ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਪਹਿਲੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇੱਕ ਸੰਖੇਪ ਵੀਡੀਓ ਅਪਡੇਟ ਵਿੱਚ ਡੀਸੀਪੀ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ 6 ਸ਼ੱਕੀ ਵਿਅਕਤੀਆਂ ਦਾ ਪਤਾ ਲਗਾਇਆ ਹੈ, ਜੋ ਫਾਇਰਿੰਗ ਦੀ ਘਟਨਾ ਦੇ ਸਮੇਂ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਹਰਮਨਪ੍ਰੀਤ ਅਤੇ ਮੋਹਿਤ ਲਵਲੀ ਮ੍ਰਿਤਕ ਹੈਪੀ ਸੰਧੂ ਨੂੰ ਨੇੜੇ ਦੇ ਹਸਪਤਾਲ ਵਿਖੇ ਲੈ ਗਏ ਸਨ, ਜੋ ਸੰਧੂ ਦੀ ਵਿਗੜਦੀ ਹਾਲਤ ਨੂੰ ਵੇਖਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਸਾਬਕਾ ਐਮਸੀ ਸੁਖਮੀਤ ਡਿਪਟੀ ਦੇ ਕਤਲ ਕੇਸ ਦੀ ਜਾਂਚ ‘ਤੇ ਚਾਨਣਾ ਪਾਉਂਦਿਆਂ ਡੀਸੀਪੀ ਨੇ ਕਿਹਾ ਕਿ ਪੁਲਿਸ ਨੂੰ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ ਅਤੇ ਇਸ ਕੇਸ ਨੂੰ ਸੁਲਝਾਉਣ ਲਈ ਕਈ ਥਿਊਰੀਆਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੁਸ਼ਮਣੀ ਦੇ ਪਹਿਲੂ ਦੀ ਜਾਂਚ ਕਰਨ ਲਈ ਕੁਝ ਜੇਲ੍ਹ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਲਿਆਂਦਾ ਜਾਵੇਗਾ।



