
ਕਿਸਾਨਾਂ ਨੂੰ ਕੁਦਰਤੀ ਵਸੀਲੀਆਂ ਨੂੰ ਬਚਾਉਣ ‘ਤੇ ਲਾਹੇਵੰਦ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ—ਇੰਦਰਜੀਤ ਕੌਰ ਮਾਨ
*ਖੇਤੀਬਾੜੀ ਵਿਭਾਗ ਵੱਲੋਂ ਨਕੋਦਰ ਵਿਖੇ ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਸਬੰਧੀ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ*
ਨਕੋਦਰ/ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਿਆ ਜਾ ਸਕੇ।
ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਸਥਾਨਕ ਇਕ ਪੈਲੇਸ ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਉਦਘਾਟਨੀ ਭਾਸ਼ਣ ਦਿੰਦਿਆਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਅਤੇ ਖੇਤੀ ਨੂੰ ਲਾਹੇਵੰਦ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਾਸ਼ਤ ਬਗੈਰ ਕੁੱਦੂ ਕੀਤੇ ਸਿੱਧਾ ਬੀਜ ਰਾਹੀਂ ਕਰਨ ਸਬੰਧੀ ਕਿਸਾਨਾਂ ਦੇ ਰੁਝਾਨ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਾਣੀ ਵਰਗੇ ਵੱਡਮੁੱਲੇ ਕੁਦਰਤੀ ਸੋਮੇ ਦੀ ਬੱਚਤ ਕੀਤੀ ਜਾ ਸਕੇ।
ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂਹੰਦ ਦੀ ਸੁਚੱਜੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਬੀਰ ਪਿੰਡ ਨਕੋਦਰ ਵਿਖੇ ਲਗਾਏ ਗਏ ਪਰਾਲੀ ਤੋਂ ਬਿਜਲੀ ਬਣਾਉਣ ਵਰਗੇ ਯੂਨਿਟ ਰਾਹੀਂ ਪਰਾਲੀ ਨੂੰ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕੈਂਪ ਵਿੱਚ ਕਿਸਾਨਾਂ ਲਈ ਤਕਨੀਕੀ ਜਾਣਕਾਰੀਆਂ ਨਾਲ ਭਰਪੂਰ ਪ੍ਰਦਰਸ਼ਨੀਆਂ ਦੌਰਾ ਕਰਦਿਆਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪਾਂ ਰਾਹੀਂ ਕਿਸਾਨਾਂ ਨੂੰ ਕੁਦਰਤੀ ਵਸੀਲੀਆਂ ਨੂੰ ਬਚਾਉਣ ਅਤੇ ਲਾਹੇਵੰਦ ਖੇਤੀ ਕਰਨ ਲਈ ਬਲਾਕ ਅਤੇ ਪਿੰਡ ਪੱਧਰ ਤੱਕ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾਣ।
ਇਸ ਤੋਂ ਪਹਿਲਾਂ ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਡਾ. ਸੁਰਿੰਦਰ ਸਿੰਘ ਜਲੰਧਰ ਨੇ ਸਭ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹੇ ਦੀ ਖੇਤੀ ਦੀ ਪ੍ਰਗਤੀ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਜਲੰਧਰ ਵੱਲੋਂ ਇਸ ਸਾਲ ਮੱਕੀ ਹੇਠ 8000 ਹੈਕ., ਬਾਸਮਤੀ ਹੇਠ 22000 ਹੈਕ. ਰਕਬਾ ਬਿਜਵਾਉਣ ਦਾ ਟੀਚਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਹੋਰ ਵਧਾਇਆ ਜਾਵੇਗਾ। ਪੰਜਾਬ ਸਰਕਾਰ ਦੇ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਅਨੁਸਾਰ ਸੂਬੇ ਵਿੱਚ ਝੋਨੇ ਦੀ ਬਗੈਰ ਕੁੱਦੂ ਕੀਤੇ ਸਿੱਧਾ ਬੀਜ ਰਾਹੀਂ ਬਿਜਾਈ ਕਰਨ ਲਈ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪਿਛਲੇ ਸਾਲ ਕਾਮਯਾਬੀ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਨ ਅਤੇ ਝੋਨੇ ਦੀ ਕਾਸ਼ਤ ਇਸ ਵਿਧੀ ਰਾਹੀਂ ਕਰਕੇ ਖੇਤੀ ਖਰਚੇ ਬਚਾਉਣ ਅਤੇ ਨਾਲ ਹੀ ਪਾਣੀ ਦੀ ਵੀ ਬੱਚਤ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਸਫ਼ਲਤਾ ਨਾਲ ਕਰਨ ਵਾਲੇ ਕਿਸਾਨਾਂ ਦੇ ਤਜ਼ਰਬਿਆਂ ’ਤੇ ਆਧਾਰਿਤ ਤਕਨੀਕੀ ਪਰਚਾ ਕਿਸਾਨਾ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਜੋ ਕਿ ਕਿਸਾਨ ਇਸ ਤੋਂ ਸੇਧ ਲੈਂਦੇ ਹੋਏ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰ ਸਕਣ। ਡਾ. ਸਿੰਘ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲੇ ਵਿੱਚ ਪਿਛਲੇ ਸਾਲਾਂ ਦੌਰਾਨ 1426 ਖੇਤੀ ਮਸ਼ੀਨਰੀ ਸੇਵਾ ਸੈਂਟਰਾਂ, ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ ਕੁੱਲ 3800 ਵੱਖ-ਵੱਖ ਮਸ਼ੀਨਾਂ, 2177 ਵਿਅਕਤੀਗਤ ਕਿਸਾਨਾ ਨੂੰ 2617 ਵੱਖ-ਵੱਖ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕੀਤੀਆਂ ਗਈਆਂ।
ਆਤਮਾ ਸਕੀਮ ਦੀ ਵਿੱਤੀ ਮਦਦ ਨਾਲ ਲਗਾਏ ਗਏ ਇਸ ਕੈਂਪ ਵਿੱਚ ਖੇਤੀਬਾੜੀ ਇੰਜ (ਸੰਦ) ਜਲੰਧਰ ਇੰਜ. ਮਨਮੋਹਨ ਕਾਲੀਆ ਨੇ ਕਿਸਾਨਾ ਨੂੰ ਕਣਕ ਦੀ ਨਾੜ ਨੂੰ ਜ਼ਮੀਨ ਵਿੱਚ ਵਾਹੁਣ ਉਪਰੰਤ ਹੀ ਅਗਲੀ ਫਸਲ ਦੀ ਕਾਸ਼ਤ ਕਰਨ ਲਈ ਪ੍ਰੇਰਿਆ ।ਉਨ੍ਹਾਂ ਕਿਸਾਨਾਂ ਨੂੰ ਰਾਤ ਵੇਲੇ ਕੰਬਾਈਨਾਂ ਨਾ ਚਲਾਉਣ ਬਾਰੇ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਡਾ. ਪਰਮਜੀਤ ਸਿੰਘ ਪ੍ਰਾਜੈਕਟ ਅਫ਼ਸਰ ਗੰਨਾ ਕਮ ਜ਼ਿਲਾ ਕਿਸਾਨ ਸਿਖਲਾਈ ਅਫ਼ਸਰ ਜਲੰਧਰ ਨੇ ਕਿਸਾਨਾਂ ਨੂੰ ਕਮਾਦ ਦੀ ਕਾਸ਼ਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿੱਚ ਖੇਤੀ ਨਾਲ ਜੁੜੇ ਵੱਖ ਵੱਖ ਵਿਭਾਗ ਜਿਵੇਂ ਕਿ ਬਾਗਬਾਨੀ ਵਿਭਾਗ ਤੋਂ ਡਾ. ਸੁਖਦੀਪ ਸਿੰਘ ਹੁੰਦਲ ਡਿਪਟੀ ਡਾਇਰੈਕਟਰ ਬਾਗਬਾਨੀ, ਪਸ਼ੂ ਪਾਲਣ ਵਿਭਾਗ ਤੋਂ ਡਾ. ਅਜੈ, ਡਾ. ਅਮਨਦੀਪ ਸਿੰਘ, ਡਾ. ਰਾਮ ਮੂਰਤੀ, ਭੂਮੀ ਅਤੇ ਪਾਣੀ ਰੱਖਿਆ ਵਿਭਾਗ ਤੋਂ ਡਾ. ਦਿਲਾਵਰ ਸਿੰਘ, ਡੇਅਰੀ ਵਿਕਾਸ ਵਿਭਾਗ ਤੋਂ ਡਾ. ਦਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਨੇ ਕਿਸਾਨਾਂ ਨੂੰ ਆਪਣੇ ਵਿਭਾਗਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਖੇਤੀਬਾੜੀ ਅਫ਼ਸਰ ਡਾ. ਸੁਖਰਾਜਬੀਰ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਬਲਕਾਰ ਚੰਦ, ਡਾ. ਹਰਪ੍ਰੀਤ ਸਿੰਘ, ਡਾ ਜਸਵਿੰਦਰ ਸਿੰਘ, ਡਾ. ਅਰੁਣ ਕੋਹਲੀ ਅਤੋਂ ਖੇਤੀਬਾੜੀ ਵਿਸਥਾਰ ਅਫਸਰ ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਵੀ ਇਸ ਮੌਕੇ ਮੌਜੂਦ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਡਾ. ਗੁਲਜ਼ਾਰ ਸਿੰਘ ਡਾਇਰੈਕਟਰ ਰੀਜ਼ਨਲ ਰਿਸਰਚ ਸਟੇਸ਼ਨ ਕਪੂਰਥਲਾ ਨੇ ਕਮਾਦ ਦੀ ਖੇਤੀ ਬਾਰੇ, ਡਾ. ਮਨਿੰਦਰ ਸਿੰਘ ਜ਼ਿਲ੍ਹਾ ਪਸਾਰ ਮਾਹਰ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਦੀਆਂ ਸਿਫਾਰਸ਼ਾਂ, ਡਾ. ਬਲਬੀਰ ਕੌਰ ਨੇ ਸਬਜ਼ੀਆਂ ਦੀ ਕਾਸ਼ਤ ਅਤੇ ਬਿਹਤਰ ਮੰਡੀਕਾਰੀ ਬਾਰੇ, ਡਾ. ਕੰਚਨ ਸੰਧੂ ਨੇ ਘਰੇਲੂ ਪੱਧਰ ’ਤੇ ਕਰਨ ਵਾਲੇ ਅਹਿਮ ਖੇਤੀ ਕਾਰਜਾਂ ਅਤੇ ਡਾ. ਰੋਹਿਤ ਗੁਪਤਾ ਨੇ ਪਸ਼ੂ ਪਾਲਣ ਬਾਰੇ ਕਿਸਾਨਾ ਨੂੰ ਜਾਣਕਾਰੀ ਦਿੱਤੀ। ਇਨ੍ਹਾਂ ਮਾਹਿਰਾਂ ਤੋਂ ਇਲਾਵਾ ਡਾ. ਗੁਰਪ੍ਰੀਤ ਸਿੰਘ ਸਹਾਇਕ ਮੰਡੀਕਰਨ ਅਫਸਰ, ਡਾ. ਗੁਰਮੀਤ ਸਿੰਘ ਰਿਆੜ ਖੇਤੀਬਾੜੀ ਅਫਸਰ, ਡਾ. ਸੁਰਜੀਤ ਸਿੰਘ ਏਪੀਪੀਓ, ਇੰਜ. ਲੁਪਿੰਦਰ ਕੁਮਾਰ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਅਤੇ ਡੀਪੀਡੀ ਆਤਮਾ ਡਾ. ਵਿਪੁਲ ਛਾਬੜਾ ਅਤੇ ਰਮਨਦੀਪ ਕੌਰ ਨੇ ਵੀ ਕਿਸਾਨਾ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਰੀ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਕੈਂਪ ਵਿੱਚ ਇਲਾਕੇ ਭਰ ਤੋਂ 1500 ਦੇ ਕਰੀਬ ਕਿਸਾਨ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਕੈਂਪ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਭਰ ਦੇ ਲਗਭਗ 30 ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਆਪਣੀ ਖੇਤੀ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਕੈਂਪ ਵਿੱਚ ਖੇਤੀਬਾੜੀ ਵਿਭਾਗ, ਗੰਨਾ ਸੈਕਸ਼ਨ, ਇੰਜਨਿਅਰਿੰਗ ਸ਼ਾਖਾ ਤੋਂ ਇਲਾਵਾ ਬਾਗਬਾਨੀ, ਡੇਅਰੀ, ਪਸ਼ੂ ਪਾਲਣ, ਭੂਮੀ ਅਤੇ ਪਾਣੀ ਰੱਖਿਆ ਵਿਭਾਗ, ਕੇਵੀਕੇ ਤੋਂ ਇਲਾਵਾ ਸਵੈ ਸਹਾਇਤਾ ਸਮੂਹਾਂ ਵੱਲੋਂ ਵੀ ਪ੍ਰਦਰਸ਼ਨੀ ਲਗਾਈ ਗਈ।



