
ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਮਿਸ਼ਨ ਮੋਡ ਵਿੱਚ ਕੀਤਾ ਜਾਵੇ ਕੰਮ—ਡਾ. ਜਸਵੰਤ ਰਾਏ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਿਲ੍ਹਾ ਜਲੰਧਰ ਦੇ ਸਮੂਹ ਖੇਤੀਬਾੜੀ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਜਸਵੰਤ ਰਾਏ ਨੇ ਹਦਾਇਤ ਕੀਤੀ ਹੈ ਕਿ ਸਮੂਹ ਬਲਾਕਾਂ ਵਿੱਚ ਕੰਮ ਕਰ ਰਹੇ ਖੇਤੀਬਾੜੀ ਮਾਹਿਰ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਇਸ ਹਫਤੇ ਦੌਰਾਨ ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਲਈ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰਨ। ਇਸ ਬਾਰੇ ਵਿਆਪਕ ਪੱਧਰ ‘ਤੇ ਪਿੰਡਾਂ ਵਿੱਚ ਟੂਰ ਕਰਦੇ ਹੋਏ ਪਿੰਡਾਂ ਵਿੱਚ ਕਿਸਾਨਾ ਨਾਲ ਵਿਸ਼ੇਸ਼ ਨੁਕੜ ਮੀਟਿੰਗਾਂ ਕੀਤੀਆਂ ਜਾਣ। ਡਾ. ਰਾਏ ਨੇ ਕਿਹਾ ਹੈ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਦੇ ਹਵਾਲੇ ਕਰਦਾ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਦੇ ਹੋਏ ਤੁਰੰਤ ਸਬੰਧਤ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਮੀਟਿੰਗ ਵਿੱਚ ਡਾ. ਰਾਏ ਨੇ ਜੋਰ ਦੇ ਕੇ ਕਿਹਾ ਕਿ ਕਿਸਾਨਾ ਅਤੇ ਸਹਿਕਾਰੀ ਸਭਾਵਾ ਕੋਲ ਪਈ ਸਮੁੱਚੀ ਖੇਤੀ ਮਸ਼ੀਨਰੀ ਦੀ ਵਰਤੋਂ ਪੁਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਕਰਨੀ ਵੀ ਯਕੀਨੀ ਬਣਾਈ ਜਾਵੇ। ਇਸ ਦੇ ਸਬੰਧ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਵਿਸ਼ੇਸ਼ ਹਦਾਇਤਾਂ ਦਾ ਜ਼ਿਕਰ ਕਰਦੇ ਹੋਏ ਡਾ. ਰਾਏ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨਾਲ ਤਾਲਮੇਲ ਕਰਦੇ ਹੋਏ ਸਹਿਕਾਰੀ ਸਭਾਵਾਂ ਕੋਲ ਪਈ ਖੇਤੀ ਮਸ਼ੀਨਰੀ ਦੀ ਵਰਤੋਂ ਪੂਰੀ ਤਰਾਂ ਨਾਲ ਕਰਨੀ ਵੀ ਯਕੀਨੀ ਬਣਾਈ ਜਾਵੇ ਅਤੇ ਸਭਾਵਾਂ ਨੂੰ ਇਸ ਬਾਰੇ ਰਿਕਾਰਡ ਮੈਨਟੇਨ ਕਰਨ ਲਈ ਵੀ ਕਿਹਾ ਜਾਵੇ। ਮੀਟਿੰਗ ਵਿੱਚ ਸਮੂਹ ਅਧਿਕਾਰੀਆ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸਾਨਾ ਨੂੰ ਡੀਏਪੀ ਖਾਦ ਦੇ ਬਦਲ ਦੇ ਤੌਰ ਤੇ 20 : 20 : 0 : 13 ਜਾਂ ਐਨਪੀ ਕੇ ਖਾਦ ਦੀ ਵਰਤੋਂ ਕਰਨ ਲਈ ਪ੍ਰੇਰਨ ਉਹਨਾ ਕਿਹਾ ਕਿ ਜ਼ਿਲ੍ਹੇ ਅਧੀਨ ਕਿਸਾਨਾ ਵੱਲੋਂ ਪਿਛਲੇ ਸਾਲ ਤਕਰੀਬਨ 400-500 ਮੀ. ਟਨ 20 : 20 : 0 : 13 ਖਾਦ ਦੀ ਵਰਤੋ ਕੀਤੀ ਗਈ ਸੀ ਜਦਕਿ ਇਸ ਸਾਲ ਜ਼ਿਲ੍ਹੇ ਦੇ ਕਿਸਾਨਾਂ ਨੇ ਵਿਭਾਗ ਵੱਲੋਂ ਕੈਂਪਾਂ ਆਦਿ ਦੌਰਾਨ ਜਾਗਰੂਕ ਕਰਨ ਕਰਕੇ ਡੀਏਪੀ ਖਾਦ ਦੇ ਬਦਲ ਦੇ ਤੌਰ ਤੇ ਕਣਕ ਅਤੇ ਆਲੂਆਂ ਦੀ ਫਸਲ ਲਈ 20 : 20 : 0 : 13 ਖਾਦ ਦੀ ਤਕਰੀਬਨ 2500 ਮੀਟਰਿਕ ਟਨ ਦੀ ਵਰਤੋਂ ਕੀਤੀ ਹੈ। ਉਹਨਾ ਕਿਹਾ ਕਿ ਪ੍ਰਾਪਤ ਆਂਕੜਿਆਂ ਅਨੁਸਾਰ ਜਿਲ੍ਹੇ ਵਿੱਚ ਕਣਕ ਤਕਰੀਬਨ 65 ਤੋਂ 70% ਰਕਬਾ ਬੀਜਿਆਂ ਜਾ ਚੁੱਕਾ ਹੈ। ਉਹਨਾ ਵਿਭਾਗ ਦੇ ਅਧਿਕਾਰੀਆਂ ਨੂੰ ਕੁਆਲਿਟੀ ਕੰਟਰੋਲ ਉਪਰਾਲਿਆਂ ਬਾਰੇ ਚੋਕਸ ਰਹਿਣ ਦੀ ਹਦਾਇਤ ਕੀਤੀ ਤੇ ਕਿਹਾ ਕਿ ਰੈਗੂਲਰ ਤੌਰ ‘ਤੇ ਡੀਲਰਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਕਿਸਾਨਾ ਨਾਲ ਕੋਈ ਧੋਖਾ ਨਾ ਹੋ ਸਕੇ। ਮੀਟਿੰਗ ਵਿੱਚ ਡਾ. ਸਤਨਾਮ ਸਿੰਘ ਜਿਲਾ ਸਿਖਲਾਈ ਅਫਸਰ ਨੇ ਕਿਹਾ ਕਿ ਕਿਸਾਨਾ ਨੂੰ ਜਾਗਰੂਕ ਕਰਨ ਲਈ ਬਲਾਕ ਅਤੇ ਪਿੰਡ ਪੱਧਰ ਦੇ ਕੈਂਪਾਂ ਦਾ ਆਯੋਜਨ ਕਰਨ ਤੋਂ ਪਹਿਲਾ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ ਅਤੇ ਕੈਂਪਾਂ ਦੌਰਾਨ ਕਿਸਾਨਾਂ ਦੀ ਹਾਜ਼ਰੀ ਜਰੂਰੀ ਕੀਤੀ ਜਾਵੇ। ਮੀਟਿੰਗ ਵਿੱਚ ਡਾ. ਰਣਜੀਤ ਸਿੰਘ ਚੌਹਾਨ, ਡਾ. ਬਲਬੀਰ ਚੰਦ, ਡਾ. ਨਰੇਸ਼ ਗੁਲਾਟੀ, ਡਾ. ਸੁਰਜੀਤ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਇੰਜ, ਨਵਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿੱਚ ਹਾਜ਼ਿਰ ਵੱਖ-ਵੱਖ ਖੇਤੀਬਾੜੀ ਅਧਿਕਾਰੀ ਡਾ. ਬਲਕਾਰ ਚੰਦ, ਡਾ. ਰਮਨ ਕੁਮਾਰ, ਡਾ. ਅਰੁਣ ਕੋਹਲੀ, ਡਾ. ਭੁਪਿੰਦਰ ਸਿੰਘ, ਡਾ. ਅਮਰਜੀਤ ਸਿੰਘ ਬੱਲ, ਡਾ. ਗੁਰਿੰਦਰਜੀਤ ਸਿੰਘ, ਡਾ. ਗੁਰਮੀਤ ਸਿੰਘ ਰਿਆੜ, ਅਤੇ ਡਾ. ਹਰਪ੍ਰੀਤ ਸਿੰਘ ਨੇ ਵੱਖ ਵੱਖ ਸਕੀਮਾਂ ਅਧੀਨ ਖੇਤੀ ਵਿਕਾਸ ਕਾਰਜਾਂ ਦੀ ਰਿਪੋਰਟ ਮੀਟਿੰਗ ਵਿੱਚ ਪੇਸ਼ ਕੀਤੀ ਅਤੇ ਯਕੀਨ ਦੁਵਾਇਆ ਕਿ ਮੁੱਖ ਖੇਤੀਬਾੜੀ ਅਫਸਰ ਵੱਲੋਂ ਹਦਾਇਤਾਂ ਅਨੁਸਾਰ ਸਮੁੱਚੇ ਉਪਰਾਲੇ ਕਰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।



