
8 ਜਨਵਰੀ ਨੂੰ ਮੰਤਰੀਆਂ ਦੀ ਕੋਠੀਆਂ ਦਾ ਕੀਤਾ ਜਾਵੇਗਾ ਘਿਰਾਓ—ਜਾਣੀਆਂ
ਜਲੰਧਰ (ਅਮਰਜੀਤ ਸਿੰਘ ਲਵਲਾ) ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਪੱਧਰ ‘ਤੇ ਮੋਦੀ ਦੀ ਫ਼ਿਰੋਜ਼ਪੁਰ ਰੇਲੀ ਦਾ ਵਿਰੋਧ ਕੀਤਾ ਗਿਆ ਉੱਥੇ ਜਲੰਧਰ ਜ਼ਿਲ੍ਹੇ ਵੱਲੋਂ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਸ਼ਾਹਕੋਟ ਦਰਿਆ ਵਾਲੇ ਪੁਲ ‘ਤੇ ਰੋਸ ਪਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਰੇਲੀ ਵਾਲ਼ਿਆਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ‘ਤੇ ਉਹਨਾਂ ਨੂੰ ਵਾਪਸ ਭੇਜਿਆ ਗਿਆ।
ਇਸ ਮੋਕੇ ‘ਤੇ ਆਗੂਆਂ ਨੇ ਕਿਹਾ ਕਿ ਸਰਕਾਰ ਸਾਡੇ ਸਬਰ ਨੂੰ ਹੋਰ ਨਾਂ ਪਰਖੇ ਅਤੇ ਆਪਣੇ ਚੋਣ ਮੇਨੀਫੇਸਟੋ ਵਿੱਚ ਕੀਤੇ ਹੋਏ ਵਾਇਦੇ ਅਤੇ ਸੰਘਰਸ਼ ਦੋਰਾਨ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ ਕਰਾਂਗੇ। ਉਹਨਾਂ ਕਿਹਾ ਕਿ ਦਿਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਦੋਸ਼ੀਆਂ ਸਮੇਤ ਅਜੇ ਮਿਸ਼ਰਾ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਉਹਨਾਂ 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਤੇਲ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਭਾਰੀ ਵਾਧਾ ਵਾਪਸ ਲੈਣ, ਬਿਜਲੀ ਸੋਧ ਬਿੱਲ 2020 ਤੇ ਹਵਾ ਪ੍ਰਦੂਸ਼ਣ ਐਕਟ 2020 ਤੁਰੰਤ ਰੱਦ ਕਰਨ, ਡਾ. ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ, ‘ਤੇ ਨਵੇਂ ਬਣ ਰਹੇ ਜੰਮੂ ਕੱਟੜਾਂ ਹਾਈਵੇ ਅਧੀਨ ਆਉਂਦੀ ਜ਼ਮੀਨ ਦਾ ਮਾਰਕੀਟ ਰੇਟ ਤੋਂ ਚਾਰ ਗੁਣਾਂ ਮੁਆਵਜਾ ਅਤੇ 30% ਉਜਾੜਾ ਭੱਤਾ ਦੇਣ, ਤਾਰੋ ਪਾਰਲੀ ਜ਼ਮੀਨ ਦਾ ਮੁਆਵਜ਼ੇ ਦੇਣ, ਨਸ਼ਿਆਂ ਦੀ ਵਿਕਰੀ ‘ਤੇ ਰੋਕ, ਗੰਨੇ ਅਤੇ ਬਾਸਮਤੀ ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 8 ਜਨਵਰੀ ਨੂੰ ਮੰਤਰੀਆਂ, ਐਮਐਲਏ, ਐਮਪੀ ਦੀਆ ਕੋਠੀਆਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੋਕੇ ‘ਤੇ ਜਲੰਧਰ ਜ਼ਿਲ੍ਹੇ ਦੇ ਸੇਕੜੇ ਕਿਸਾਨ, ਮਜ਼ਦੂਰ, ਅਤੇ ਬੀਬੀਆਂ ਹਾਜ਼ਰ ਸਨ।



