
28 ਸਤੰਬਰ ਨੂੰ ਡੀਸੀ ਦਫ਼ਤਰਾਂ ਅੱਗੇ ਚਾਰ ਦਿਨਾਂ ਮੋਰਚਾ ਸ਼ੁਰੂ ਕੀਤਾ ਜਾਵੇਗਾ
ਅੰਮ੍ਰਿਤਸਰ (ਗਲੋਬਲ ਆਜਤੱਕ ਬਿਊਰੋ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਕੋਰ ਕਮੇਟੀ ਦੀ ਹੇਡ ਕੁਆਟਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਾਰ ਹਾਲ ਪਿੰਡ ਚੱਬਾਂ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ,ਲਏ ਗਏ ਨਿਰਨਾਇਕ ਫ਼ੈਸਲੇ ।
ਕੱਲ ਮਿੱਤੀ 1 ਸਤੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੇਡ ਕੁਆਟਰ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਯਾਦਗਾਰ ਹਾਲ ਪਿੰਡ ਚੱਬਾਂ ਅੰਮ੍ਰਿਤਸਰ ਵਿੱਚ ਹੋਈ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਮੇਂਬਰ ਅਤੇ ਜਿਲਾ ਕਮੇਟੀ ਮੇਂਬਰ ਹਾਜ਼ਰ ਹੋਏ। ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਐਲਾਨ ਕੀਤਾ ਕਿ 28 ਸਤੰਬਰ ਨੂੰ ਡੀਸੀ ਦਫ਼ਤਰਾਂ ਅੱਗੇ ਚਾਰ ਦਿਨਾਂ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ 30 ਸਤੰਬਰ ਨੂੰ ਇਹ ਮੋਰਚਾ ਰੇਲ ਟਰੇਕ ‘ਤੇ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਜਿਨਾਂ ਚਿਰ ਸਰਕਾਰ ਮੰਗਾਂ ਨਹੀਂ ਮੰਨਦੀ ਉਨ੍ਹਾਂ ਚਿਰ ਇਹ ਧਰਨਾ ਨਿਰੰਤਰ ਚੱਲਦਾ ਰਹੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੰਨੀਆਂ ਹੋਈਆਂ ਮੰਗਾ ਤੁਰੰਤ ਲਾਗੂ ਕਰੇ, ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਨੂੰ ਅਤੇ ਪਹਿਲਾ ਧਰਨਿਆਂ ਵਿੱਚ ਸ਼ਹੀਦ ਹੋਏ ਤਿੰਨ ਸ਼ਹੀਦ ਸੁਰਜੀਤ ਸਿੰਘ ਛੀਨਾ, ਬਹਾਦਰ ਸਿੰਘ ਬਰਨਾਲਾ, ‘ਤੇ ਜੋਗਿੰਦਰ ਸਿੰਘ ਮਤਾਲਾ ਨੂੰ ਮੰਨੀਆਂ ਹੋਈਆ ਮੰਗਾ ਦੇ ਅਧਾਰ ‘ਤੇ 5 ਲੱਖ ਰੁਪਏ ਅਤੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਸਮੁੱਚੇ ਕਰਜ਼ੇ ‘ਤੇ ਲੀਕ ਮਾਰੇ, ਇਸ ਤੋਂ ਇਲਾਵਾ ਜਿਹੜੀਆ ਫਸਲ ਦੀ ਖਰੀਦ ਸਮੇ ਬੇਲੋੜੀਆ ਸ਼ਰਤਾਂ ਲਗਾਈਆਂ ਗਈਆਂ ਹਨ। ਉਹਨਾਂ ਨੂੰ ਹਟਾਇਆ ਜਾਵੇ, ਫਸਲ ਵਿੱਚ ਨਮੀ ਦੀ ਮਾਤਰਾ ਜਿਹੜੀ 17 ਪ੍ਰਤੀਸ਼ਤ ਤੋਂ ਘਟਾ ਕੇ 16 ਪ੍ਰਤੀਸ਼ਤ ਕੀਤੀ ਗਈ ਹੈ ਉਸ ਨੂੰ ਵਧਾ ਕੇ 22 ਪ੍ਰਤੀਸ਼ਤ ਕੀਤੀ ਜਾਵੇ, ਜਿਹੜਾ ਦਾਣੇ ਦਾ ਟੋਟਾ ਅਤੇ ਦਾਗੀ ਦਾਣੇ 3 ਪ੍ਰਤੀਸ਼ਤ ਕੀਤਾ ਗਿਆ ਹੈ ਉਸ ਨੂੰ ਤੁਰੰਤ ਹਟਾਇਆ ਜਾਵੇ। ਇਸ ਤੋਂ ਇਲਾਵਾ ਜਿਹੜਾ ਸਰਕਾਰ ਖਰੀਦ ਵਾਸਤੇ ਫ਼ਰਦਾਂ ਦੀ ਮੰਗ ਕਰ ਰਹੀ ਹੈ ਜਥੇਬੰਦੀ ਉਸ ਨੂੰ ਸਿਰੇ ਤੋਂ ਨਕਾਰਦੀ ਹੈ ਕਿਉਂ ਕਿ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨਾ ਨੇ ਜ਼ਮੀਨਾਂ ਅਬਾਦ ਕੀਤੀਆਂ ਹਨ ਅਤੇ ਜਿਨਾਂ ਦੀਆਂ ਗਰਦੋਰੀਆਂ ਸਰਕਾਰ ਤੋੜ ਚੁੱਕੀ ਹੈ ਉਹ ਫ਼ਰਦਾਂ ਮੁਹੱਇਆ ਨਹੀ ਕਰਵਾ ਸਕਦੇ। ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਇਸ ਨਾਲ ਬਹੁਤ ਉਥਲ ਪੁਥਲ ਹੋ ਜਾਵੇਗੀ। ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਅਜਿਹੀਆ ਬੇਲੋੜੀਆ ਸ਼ਰਤਾ ਹਟਾਈਆ ਜਾਣ, ਅਬਾਦਕਾਰਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਬਿਜਲੀ ਸਮਝੋਤੇ ਰੱਦ ਕੀਤੇ ਜਾਣ, ਹਵਾ ਪਰਦੂਸ਼ਣ ਪਰਾਲੀ ਵਾਲਾ ਅੇਕਟ ਰੱਦ ਕੀਤਾ ਜਾਵੇ, ਆੜ੍ਹਤੀਆਂ ਵੱਲੋ ਧੱਕੇ ਨਾਲ ਕੀਤੀਆ ਡਿਗਰੀਆ ਰੱਦ ਕੀਤੀਆ ਜਾਣ, ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ, ਅੇਮਅੇਸਪੀ ਦਾ ਵੱਖਰਾ ਕਨੂੰਨ ਬਣਾਇਆ ਜਾਵੇ। ਕਿਸਾਨਾਂ ਮਜਦੂਰਾਂ ਦੇ ਸਮੁੱਚੇ ਕਰਜੇ ‘ਤੇ ਲੀਕ ਫੇਰੀ ਜਾਵੇ ਨਹੀ ਤਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਪਰਚੰਡ ਕਰਾਂਗੇ। ਇਸ ਮੋਕੇ ‘ਤੇ ਹੋਰਨਾਂ ਤੋ ਇਲਾਵਾ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ, ਰਣ ਸਿੰਘ, ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਸੂਬਾ ਕਮੇਟੀ ਮੇਂਬਰ ਗੁਰਚਰਨ ਸਿੰਘ ਚੱਬਾ, ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਜਿਲਾ ਜਲੰਧਰ ਸਕੱਤਰ ਗੁਰਮੇਲ ਸਿੰਘ ਰੇੜਵਾਂ ਕਪੂਰਥਲਾ ਜਿਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ, ਕਪੂਰਥਲਾ ਜਿਲਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ ਕਦੀਮ, ਜਿਲਾ ਫ਼ਿਰੋਜ਼ਪੁਰ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ, ਜਿਲਾ ਫ਼ਿਰੋਜ਼ਪੁਰ ਸਕੱਤਰ ਰਣਵੀਰ ਸਿੰਘ ਰਾਣਾ, ਜਿਲਾ ਅੰਮ੍ਰਿਤਸਰ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਸਤਨਾਮ ਸਿੰਘ ਮਾਣੋਚਾਹਲ ਅਤੇ ਹੋਰ ਵੀ ਆਗੂ ਉਚੇਚੇ ਤੋਰ ‘ਤੇ ਪਹੁੰਚੇ।



