
ਜਥੇਬੰਦੀ ਵੱਲੋਂ ਪਿਛਲੇ 6 ਦਿਨਾਂ ਤੋਂ ਜਾਰੀ ਹੈ ਧਰਨਾ ਪਰਦਰਸ਼ਨ
ਜਲੰਧਰ (ਅਮਰਜੀਤ ਸਿੰਘ ਲਵਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਪ੍ਰੇਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕੱਲ ਮਿੱਤੀ 15 ਸਤੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਜਲੰਧਰ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਵੱਡਾ ਜੱਥਾ ਗੁ: ਪ੍ਰਗਟ ਸਾਹਿਬ ਜੀ ਫ਼ਿਰੋਜ਼ਪੁਰ ਧਰਨੇ ਵਾਸਤੇ ਰਵਾਨਾ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਇਹ ਧਰਨਾ ਸਰਕਾਰ ਦੀ ਬਦਨੀਤੀ ਕਾਰਨ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਜਰਨੇਲ ਸਿੰਘ ਪਿੱਪਲ਼ੀ ਚੱਕ, ਮਹਿਲ ਸਿੰਘ ਸ਼ਰੀਂਹ ਵਾਲਾ, ਲਵਪ੍ਰੀਤ ਸਿੰਘ ਸਵਾਈਕੇ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਰਕਮ ਨਾਂ ਮਿਲਣ ਕਰਕੇ ਲਾਇਆ ਗਿਆ ਹੈ ਪਰ ਲਗਾਤਾਰ 6 ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਕੰਨਾਂ ਤੇ ਜੂਅ ਨਹੀਂ ਸਰਕ ਰਹੀ ਜਥੇਬੰਦੀ ਦੀ ਮੰਗ ਹੈ ਕਿ ਸਰਕਾਰ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਦੀ ਮਾਲੀ ਮਦਤ ਦੇਵੇ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੋਕਰੀ ਦੇ ਕੇ ਪਰਿਵਾਰ ਦੇ ਸਮੁੱਚੇ ਕਰਜ਼ੇ ‘ਤੇ ਲੀਕ ਫੇਰੇ। ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ, ਅਤੇ ਜਿਨਾਂ ਚਿਰ ਸਰਕਾਰ ਮੰਗਾਂ ਨਹੀਂ ਮੰਨਦੀ ਉਨਾ ਚਿਰ ਇਹ ਧਰਨਾ ਨਿਰੰਤਰ ਚੱਲਦਾ ਰਹੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੰਨੀਆਂ ਹੋਈਆਂ ਮੰਗਾ ਤੁਰੰਤ ਲਾਗੂ ਕਰੇ, ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਨੂੰ ਅਤੇ ਪਹਿਲਾ ਧਰਨਿਆਂ ਵਿੱਚ ਸ਼ਹੀਦ ਹੋਏ ਤਿੰਨ ਸ਼ਹੀਦ ਸੁਰਜੀਤ ਸਿੰਘ ਛੀਨਾ, ਬਹਾਦਰ ਸਿੰਘ ਬਰਨਾਲਾ, ਅਤੇ ਜੋਗਿੰਦਰ ਸਿੰਘ ਮਤਾਲਾ ਨੂੰ ਮੰਨੀਆਂ ਹੋਈਆ ਮੰਗਾ ਦੇ ਅਧਾਰ ਤੇ ਪੰਜ ਲੱਖ ਰੂ ਅਤੇ ਇੱਕ ਜੀਅ ਨੂੰ ਸਰਕਾਰੀ ਨੋਕਰੀ ਅਤੇ ਸਮੁੱਚੇ ਕਰਜ਼ੇ ‘ਤੇ ਲੀਕ ਮਾਰੇ, ਇਸ ਤੋਂ ਇਲਾਵਾ ਜਿਹੜੀਆ ਫਸਲ ਦੀ ਖਰੀਦ ਸਮੇ ਬੇਲੋੜੀਆ ਸ਼ਰਤਾਂ ਲਗਾਈਆਂ ਗਈਆਂ ਹਨ। ਉਹਨਾਂ ਨੂੰ ਹਟਾਇਆ ਜਾਵੇ, ਫਸਲ ਵਿੱਚ ਨਮੀ ਦੀ ਮਾਤਰਾ ਜਿਹੜੀ 17 ਪ੍ਰਤੀਸ਼ਤ ਤੋਂ ਘਟਾ ਕੇ 16 ਪ੍ਰਤੀਸ਼ਤ ਕੀਤੀ ਗਈ ਹੈ। ਉਸ ਨੂੰ ਵਧਾ ਕੇ 22 ਪ੍ਰਤੀਸ਼ਤ ਕੀਤੀ ਜਾਵੇ, ਜਿਹੜਾ ਦਾਣੇ ਦਾ ਟੋਟਾ ਅਤੇ ਦਾਗੀ ਦਾਣੇ 3 ਪ੍ਰਤੀਸ਼ਤ ਕੀਤਾ ਗਿਆ ਹੈ ਉਸ ਨੂੰ ਤੁਰੰਤ ਹਟਾਇਆ ਜਾਵੇ। ਇਸ ਤੋਂ ਇਲਾਵਾ ਜਿਹੜਾ ਸਰਕਾਰ ਖਰੀਦ ਵਾਸਤੇ ਫ਼ਰਦਾਂ ਦੀ ਮੰਗ ਕਰ ਰਹੀ ਹੈ। ਜਥੇਬੰਦੀ ਉਸ ਨੂੰ ਸਿਰੇ ਤੋਂ ਨਕਾਰਦੀ ਹੈ ਕਿਉਂ ਕਿ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨਾ ਨੇ ਜ਼ਮੀਨਾਂ ਅਬਾਦ ਕੀਤੀਆਂ ਹਨ ਅਤੇ ਜਿਨਾਂ ਦੀਆਂ ਗਰਦੋਰੀਆਂ ਸਰਕਾਰ ਤੋੜ ਚੁੱਕੀ ਹੈ। ਉਹ ਫ਼ਰਦਾਂ ਮੁਹੱਇਆ ਨਹੀ ਕਰਵਾ ਸਕਦੇ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਇਸ ਨਾਲ ਬਹੁਤ ਉਥਲ ਪੁਥਲ ਹੋ ਜਾਵੇਗੀ। ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਅਜਿਹੀਆ ਬੇਲੋੜੀਆ ਸ਼ਰਤਾ ਹਟਾਈਆ ਜਾਣ, ਅਬਾਦਕਾਰਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਬਿਜਲੀ ਸਮਝੋਤੇ ਰੱਦ ਕੀਤੇ ਜਾਣ, ਹਵਾ ਪਰਦੂਸ਼ਣ ਪਰਾਲੀ ਵਾਲਾ ਅੇਕਟ ਰੱਦ ਕੀਤਾ ਜਾਵੇ, ਆੜ੍ਹਤੀਆਂ ਵੱਲੋ ਧੱਕੇ ਨਾਲ ਕੀਤੀਆ ਡਿਗਰੀਆ ਰੱਦ ਕੀਤੀਆ ਜਾਣ, ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ, ਅੇਮਅੇਸਪੀ ਦਾ ਵੱਖਰਾ ਕਨੂੰਨ ਬਣਾਇਆ ਜਾਵੇ। ਕਿਸਾਨਾਂ ਮਜਦੂਰਾਂ ਦੇ ਸਮੁੱਚੇ ਕਰਜੇ ‘ਤੇ ਲੀਕ ਫੇਰੀ ਜਾਵੇ ਨਹੀ ਤਾ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਪਰਚੰਡ ਕਰਾਂਗੇ।



