ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ- ਉਦਯੋਗਾਂ ਨੂੰ ਪੀਐਸਏ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ– ਡਿਪਟੀ ਕਮਿਸ਼ਨਰ
ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਪ੍ਰਾਈਵੇਟ ਹਸਪਤਾਲਾਂ-
ਉਦਯੋਗਾਂ ਨੂੰ ਪੀਐਸਏ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ– ਡਿਪਟੀ ਕਮਿਸ਼ਨਰ
ਜਲੰਧਰ,( ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਨਾਲ ਨਜਿੱਠਣ ਲਈ ਇੱਕ ਬਹੁ-ਪੱਖੀ ਰਣਨੀਤੀ ਬਣਾਈ ਗਈ ਹੈ। ‘ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਾਂ ਨੂੰ ਆਪਣੇ ਪਰਿਸਰ ਵਿੱਚ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (ਪੀਐਸਏ) ਅਧਾਰਤ ਆਕਸੀਜਨ ਪਲਾਂਟ ਲਗਾਉਣ ਦੀ ਅਪੀਲ ਕੀਤੀ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਵਿਡ 19 ਦੇ ਮਰੀਜ਼ਾਂ ਲਈ ਇਸ ਕੀਮਤੀ ਜੀਵਨ ਰੱਖਿਅਕ ਗੈਸ ਦੀ ਲੋੜੀਂਦੀ ਮਾਤਰਾ ਵਿੱਚ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਕਸੀਜਨ ਬਚਾਉਣ ਦੇ ਤਰੀਕਿਆਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਮੂਹ ਪ੍ਰਾਈਵੇਟ ਹਸਪਤਾਲਾਂ ‘ਤੇ ਉਦਯੋਗਾਂ ਨੂੰ ਪੀਐਸਏ ਆਕਸੀਜਨ ਪਲਾਂਟ ਲਗਾਉਣ ਲਈ ਕਿਹਾ ਗਿਆ ਹੈ, ਜੋ ਕੋਵਿਡ ਕੇਅਰ ਸੰਸਥਾਵਾਂ ਨੂੰ ਆਕਸੀਜਨ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ।
ਡਿਪਟੀ ਕਮਿਸ਼ਨਰ ਵੱਲੋਂ ਆਕਸੀਜਨ ਵੈਂਡਰਾਂ ਅਤੇ ਹਸਪਤਾਲਾਂ ਨਾਲ ਆਕਸੀਜਨ ਦੀ ਉਚਿਤ ਵਰਤੋਂ ਦੇ ਅਭਿਆਸਾਂ ਨੂੰ ਅਪਣਾਉਣ ਸਬੰਧੀ ਇਕ ਪੇਸ਼ਕਾਰੀ ਵੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਧੀਆਂ ਵਿੱਚ ਆਕਸੀਜਨ ਦੀਆਂ ਜ਼ਰੂਰਤਾਂ ਅਨੁਸਾਰ ਮਰੀਜ਼ਾਂ ਦੀ ਸਹੀ ਪਛਾਣ ਅਤੇ ਮੁੜ ਵਰਗੀਕਰਨ, ਕੇਂਦਰੀ ਸਪਲਾਈ ਪ੍ਰਣਾਲੀ ਨੂੰ ਸਮਝਣਾ ‘ਤੇ ਵੇਸਟੇਜ ਨੂੰ ਰੋਕਣਾ, ਓ 2 ਦੀ ਜ਼ਰੂਰਤ ਨਾ ਰੱਖਣ ਵਾਲੇ ਮਰੀਜ਼ਾਂ ਨੂੰ ਵੱਖੋ-ਵੱਖਰੀ ਮੰਜ਼ਿਲ ‘ਤੇ ਵੱਖ ਕਰਨਾ, ਹਸਪਤਾਲਾਂ ਵਿੱਚ ਏਅਰ ਸਪਰੇਸ਼ਨ ਯੂਨਿਟਾਂ (ਏਐਸਯੂ) ਦੀ ਸਥਾਪਨਾ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ, ਬਰਬਾਦੀ ਨੂੰ ਰੋਕਣ ਲਈ ਕੰਟੇਨਰਾਂ ਤੋਂ ਤਰਲ ਆਕਸੀਜਨ ਨੂੰ ਖਾਲੀ ਕਰਨ ਦਾ ਢੰਗ ਸ਼ਾਮਲ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ -19 ਦੇ ਮਰੀਜ਼ਾਂ ਲਈ ਆਕਸੀਜਨ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪੋ-ਆਪਣੇ ਹਸਪਤਾਲਾਂ ਵਿੱਚ ਚੋਣਵੀਆਂ ਸਰਜਰੀਆਂ ਨੂੰ ਮੁਲਤਵੀ ਕਰਨ ਲਈ ਕਿਹਾ ।
ਡੀਸੀ ਥੋਰੀ ਵੱਲੋਂ ਹਸਪਤਾਲਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ 9 ਉਦਯੋਗਾਂ ਨੂੰ ਆਕਸੀਜਨ ਦੀ ਸਪਲਾਈ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਉਦਯੋਗਾਂ ਵਿੱਚ ਐਮਪੂਲਸ ਅਤੇ ਵਾਇਲਸ, ਫਾਰਮਾਸਿਟੀਕਲ, ਪੈਟਰੋਲੀਅਮ ਰਿਫਾਈਨਰੀਜ਼, ਸਟੀਲ ਪਲਾਂਟ, ਨਿਊਕਲੀਅਰ ਐਨਰਜੀ ਫੈਸਲਿਟੀ, ਆਕਸੀਜਨ ਸਿਲੰਡਰ ਮੈਨੂਫੈਕਚਰਰਜ਼, ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਫੂਡ ਐਂਡ ਵਾਟਰ ਪਿਊਰੀਫਿਕੇਸ਼ਨ ਅਤੇ ਪ੍ਰੋਸੈਸ ਇੰਡਸਟਰੀਜ਼ ਸ਼ਾਮਲ ਹੈ। ਜਿਨ੍ਹਾਂ ਨੂੰ ਭੱਠੀਆਂ ਦੀਆਂ ਨਿਰੰਤਰ ਪ੍ਰਕਿਰਿਆਵਾਂ, ਕਾਰਜਾਂ ਆਦਿ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਦਯੋਗਾਂ ਨੂੰ ਸਪਲਾਈ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਦਰਬਾਰਾ ਸਿੰਘ ਤੋਂ ਲਿਖਤੀ ਪ੍ਰਵਾਨਗੀ ਤੋਂ ਬਾਅਦ ਹੀ ਕੀਤੀ ਜਾਵੇਗੀ। ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਤੋਂ ਜਲੰਧਰ ਜ਼ਿਲ੍ਹੇ ਵਿਚ ਆਕਸੀਜਨ ਗੈਸ ਦੀ ਰੋਜ਼ਾਨਾ ਮੰਗ ਨੂੰ ਪੂਰਾ ਕਰਨ ਲਈ ਇਕ ਤਰਲ ਆਕਸੀਜਨ ਟੈਂਕਰ (16 ਐਮਟੀ) ਪ੍ਰਤੀ ਦਿਨ ਮੁਹੱਈਆ ਕਰਵਾਉਣ ਦੀ ਮੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਸਬੰਧ ਵਿਚ ਐਮਡੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ 19 ਅਪ੍ਰੈਲ 2021 ਨੂੰ ਤਰਲ ਆਕਸੀਜਨ ਦੀ ਵਾਧੂ ਸਪਲਾਈ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ ਇਕ ਪੱਤਰ ਭੇਜਿਆ ਜਾ ਚੁੱਕਾ ਹੈ।



