
ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਟਰਾਂਗ ਰੂਮਾਂ ‘ਤੇ ਗਿਣਤੀ ਕੇਂਦਰਾਂ ਦਾ ਕੀਤਾ ਦੌਰਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਅੱਜ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਸਟਰਾਂਗ ਰੂਮਾਂ ਅਤੇ ਗਿਣਤੀ ਕੇਂਦਰਾਂ ਵਿਖੇ ਗਿਣਤੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਾਰਨ ਇਸ ਵਾਰ ਹਰ ਹਲਕੇ ਲਈ ਹਰੇਕ ਗਿਣਤੀ ਕੇਂਦਰ ‘ਚ ਇਕ ਦੀ ਬਜਾਏ 2 ਗਿਣਤੀ ਹਾਲ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 7-7 ਮੇਜ਼ ਲਗਾਏ ਜਾਣਗੇ।
10 ਮਾਰਚ ਨੂੰ ਗਿਣਤੀ ਵਾਲੇ ਦਿਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਾਰੇ ਲੋੜੀਂਦੇ ਪ੍ਰਬੰਧ ਅਗਾਊਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਗਿਣਤੀ ਦੀ ਸਮੁੱਚੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਲਈ ਸਥਾਨਕ ਮੈਰੀਟੋਰੀਅਸ ਸਕੂਲ, ਕਪੂਰਥਲਾ ਰੋਡ ਦੇ ਲੜਕੀਆਂ ਦੇ ਹੋਸਟਲ ਦੇ ਹਾਲ ਵਿੱਚ ਈਵੀਐਮ ਸਟਰਾਂਗ ਰੂਮ ਤੇ ਕਾਊਂਟਿੰਗ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਕੋਦਰ ਲਈ ਕਪੂਰਥਲਾ ਰੋਡ ਸਥਿਤ ਸਟੇਟ ਪਟਵਾਰ ਸਕੂਲ ਦੇ ਹਾਲ ਨੰ.1 ਤੇ 2, ਸ਼ਾਹਕੋਟ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਦੀ ਗਰਾਊਂਡ ਤੇ ਪਹਿਲੀ ਮੰਜ਼ਿਲ ‘ਤੇ ਸਥਿਤ ਹਾਲ ਅਤੇ ਹਲਕਾ ਕਰਤਾਰਪੁਰ ਲਈ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਦਾ ਇਨਡੋਰ ਸਟੇਡੀਅਮ ਕਾਊਂਟਿੰਗ ਸੈਂਟਰ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਪੱਛਮੀ ਲਈ ਸਪੋਰਟਸ ਕਾਲਜ ਦਾ ਜਿਮਨੇਜ਼ੀਅਮ ਹਾਲ, ਜਲੰਧਰ ਕੇਂਦਰੀ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡਜ਼ ਦੀ ਨਵੀਂ ਬਿਲਡਿੰਗ ਦੀ ਤੀਜੀ ਤੇ ਪੰਜਵੀਂ ਮੰਜ਼ਿਲ ‘ਤੇ ਸਥਿਤ ਹਾਲ, ਜਲੰਧਰ ਉੱਤਰੀ ਲਈ ਮੈਰੀਟੋਰੀਅਸ ਸਕੂਲ ਦੇ ਲੜਕਿਆਂ ਦੇ ਹੋਸਟਲ ਦਾ ਹਾਲ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਵਜੋਂ ਨਿਰਧਾਰਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਲੰਧਰ ਛਾਉਣੀ ਲਈ ਸਥਾਨਕ ਆਰਟਸ ਅਤੇ ਸਪੋਰਟਸ ਕਾਲਜ ਦੇ ਪੈਵੀਲੀਅਨ ਹਾਲ ਅਤੇ ਆਦਮਪੁਰ ਲਈ ਇਸੇ ਕਾਲਜ ਦੇ ਇਨਡੋਰ ਸਟੇਡੀਅਮ ਵਿਖੇ ਈ.ਵੀ.ਐਮ. ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਮੂਹ ਰਿਟਰਨਿੰਗ ਅਫ਼ਸਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਹੋਰ ਮੌਜੂਦ ਸਨ।



