
ਡਾਕਟਰ ਸਮਰਪਨ-ਭਾਵ ਨਾਲ ਮਰੀਜ਼ ਦੇ ਇਲਾਜ ਦੌਰਾਨ ਆਪਣੀ ਡਿਉਟੀ ਨਿਭਾਉਣ—ਡਾ. ਰਮਨ ਸ਼ਰਮਾ
ਗਲੋਬਲ ਆਜਤੱਕ ਜਲੰਧਰ
ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਵੱਲੋਂ 1 ਜੁਲਾਈ ਨੂੰ “ਕੌਮੀ ਡਾਕਟਰ ਦਿਵਸ” ਮੌਕੇ ਜਿਲ੍ਹੇ ‘ਚ ਆਯੂਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਡਾ. ਅਵਨੀਸ਼ ਗੁਪਤਾ ਐਸਡੀਐਚ ਨਕੋਦਰ, ਡਾ. ਅਲੇੱਗਜੈਂਡਰ ਸਿੰਘ ਸੀਐਚਸੀ ਸ਼ੰਕਰ, ਡਾ. ਸਰਬਜੀਤ ਸਿੰਘ ਸੀਐਚਸੀ ਕਰਤਾਰਪੁਰ, ਡਾ. ਭੁਪਿੰਦਰ ਸਿੰਘ ਸਿਵਲ ਹਸਪਤਾਲ ਜਲੰਧਰ ਅਤੇ ਡਾ. ਅਭਿਸ਼ੇਕ ਸੱਚਰ ਸਿਵਲ ਹਸਪਤਾਲ ਜਲੰਧਰ ਨੂੰ ਸਨਮਾਨਿਤ ਕੀਤਾ ਗਿਆ।
ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਕੌਮੀ ਡਾਕਟਰ ਦਿਵਸ ਦੇਸ਼ ਦੇ ਮਹਾਨ ਡਾਕਟਰ ਡਾ. ਬਿਧਾਨਚੰਦਰ ਰਾਏ ਨੂੰ ਸਨਮਾਨ ਦੇਣ ਵਜੋਂ 1 ਜੁਲਾਈ 1991 ਤੋਂ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਡਾਕਟਰਜ਼ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਦੇ ਜੀਵਨ ਵਿੱਚ ਡਾਕਟਰਜ਼ ਦੀ ਭੂਮਿਕਾ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਸਿਹਤ ਵਿਭਾਗ ਵੱਲੋਂ ਕੌਮੀ ਡਾਕਟਰ ਦਿਵਸ ਮੌਕੇ 107 ਡਾਕਟਰਜ਼ ਨੂੰ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਅੰਤਰਗਤ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਨਮਾਨਿਤ ਗਿਆ ਹੈ। ਜਲੰਧਰ ਜਿਲ੍ਹੇ ਵਿੱਚ ਵੀ ਬਿਹਤਰ ਸਿਹਤ ਸੇਵਾਵਾਂ ਲਈ 5 ਡਾਕਟਰਜ਼ ਨੂੰ ਸਨਮਾਨਿਤ ਕੀਤਾ ਗਿਆ ਹੈ।
ਡਾ. ਰਮਨ ਸ਼ਰਮਾ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਨਾ ਵਿੱਚ ਡਾਕਟਰਜ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਸਾਰਾ ਵਿਸ਼ਵ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਸੀ, ਉਸ ਸਮੇਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਡਾਕਟਰਜ਼, ਸਟਾਫ ਨਰਸਾਂ ‘ਤੇ ਪੈਰਾ ਮੈਡੀਕਲ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕੌਮੀ ਡਾਕਟਰ ਦਿਵਸ ਮੌਕੇ ਡਾਕਟਰਜ਼ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਇਕ ਡਾਕਟਰ ਦਾ ਪੂਰਾ ਜੀਵਨ ਮਾਨਵ ਜਾਤਿ ਦੀ ਭਲਾਈ ਅਤੇ ਸੇਵਾ ਵਿੱਚ ਜਾਂਦਾ ਹੈ, ਇਸ ਲਈ ਡਾਕਟਰ ਨੂੰ ਮਰੀਜ ਦੇ ਇਲਾਜ ਵਿੱਚ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਆਪਣੀ ਡਿਉਟੀ ਨਿਭਾਉਣੀ ਚਾਹੀਦੀ ਹੈ, ਤਾਂ ਜੋ ਕਿਸੇ ਵਿਅਕਤੀ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਇਸਦੇ ਨਾਲ ਹੀ ਡਾਕਟਰਾਂ ਨੂੰ ਮਰੀਜਾਂ ਪ੍ਰਤੀ ਨਰਮੀ ਭਰੀਆ ਵਤੀਰਾ ਰੱਖਦਿਆਂ ਆਪਣੀਆਂ ਸੇਵਾਵਾਂ ਨਿਭਾਉਣੀਆਂ ਚਾਹੀਦੀਆਂ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਕੁਮਾਰ ਚੌਪੜਾ, ਸਹਾਇਕ ਸਿਹਤ ਅਫ਼ਸਰ ਡਾ. ਟੀਪੀ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫਸਰ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਡਾ. ਜੋਤੀ ਸ਼ਰਮਾ, ਜਿਲ੍ਹਾ ਡੈਂਟਲ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਾ. ਗੁੰਜਨ ਹੱਲ੍ਹਣ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਜਿਲ੍ਹਾ ਕੌਆਰਡੀਨੇਟਰ ਸਟੇਟ ਹੈਲਥ ਏਜੰਸੀ, ਪੰਜਾਬ ਜਸਵਿੰਦਰ ਕੁਮਾਰ ਮੌਜੂਦ ਸਨ।



