
ਐਫਐਸਐਸਏਆਈ ਦਾ ਪੰਜੀਕਰਨ ਨੰਬਰ ਦਰਜ ਕਰਵਾਉਣਾ ਜਰੂਰੀ ਹੋਵੇਗਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਖਾਣ-ਪੀਣ ਵਾਲੀਆਂ ਵਸਤਾਂ ਨੂੰ ਵੇਚਣ ਦੇ ਲਈ ਬਿੱਲ, ਕੈਸ਼ ਮੈਮੋ ਜਾਂ ਰਸੀਦ ‘ਤੇ ਐਫਐਸਐਸਏਆਈ ਦਾ ਪੰਜੀਕਰਨ ਨੰਬਰ ਦਰਜ ਕਰਵਾਉਣਾ ਜਰੂਰੀ ਹੋਵੇਗਾ। ਇਸ ਤੋਂ ਬਿਨਾ ਖਾਣ-ਪੀਣ ਵਾਲੀਆਂ ਵਸਤਾਂ ਵੇਚੀਆਂ ਨਹੀਂ ਜਾ ਸਕਣਗੀਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿਹਤ ਅਫ਼ਸਰ ਡਾ. ਨਰੇਸ਼ ਕੁਮਾਰ ਬਾਠਲਾ ਵਲੋਂ ਦੱਸਿਆ ਗਿਆ ਕਿ ਗ੍ਰਾਹਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਇਹ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਸਾਨੀ ਨਾਲ ਇਸ ਨੰਬਰ ਦੇ ਜ਼ਰੀਏ ਸ਼ਿਕਾਇਤ ਕਰ ਸਕਣ ਅਤੇ ਇਸ ਦੇ ਆਧਾਰ ‘ਤੇ ਕਾਰਵਾਈ ਵੀ ਕੀਤੀ ਜਾ ਸਕੇ। ਐਫਐਸਐਸਏਆਈ ਵੱਲੋਂ ਇਸ ਸੰਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਜਿਲ੍ਹਾ ਸਿਹਤ ਅਫ਼ਸਰ ਨਰੇਸ਼ ਕੁਮਾਰ ਬਾਠਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਵਪਾਰ ਮੰਡਲਾਂ ਦੇ ਜ਼ਰੀਏ ਵਪਾਰੀਆਂ ਨੂੰ ਇਨ੍ਹਾਂ ਆਦੇਸ਼ਾਂ ਦੀ ਕਾਪੀ ਭੇਜ ਦਿੱਤੀ ਗਈ ਹੈ। ਇਸ ਵਿਵਸਥਾ ਦੇ ਲਾਗੂ ਹੋਣ ਨਾਲ ਗ੍ਰਾਹਕਾਂ ਨੂੰ ਸੁਵਿਧਾ ਹੋਵੇਗੀ ਅਤੇ ਕਿਸੇ ਵੀ ਖਾਧ ਪਦਾਰਥ ‘ਚ ਖਾਮੀ ਪਾਏ ਜਾਣ ‘ਤੇ ਉਹ ਸ਼ਿਕਾਇਤ ਕਰ ਸਕਣਗੇ। ਇਸ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਕਿੰਨੇ ਵਪਾਰੀਆਂ ਨੇ ਐਫਐਸਐਸਏਆਈ ਵਿੱਚ ਪੰਜੀਕਰਨ ਕਰਵਾਇਆ ਹੈ। ਇਹ ਖਾਸ ਵਿਵਸਥਾ ਮਿਠਾਈਆਂ ਦੀਆਂ ਦੁਕਾਨਾਂ, ਰੈਸਟੋਰੈਂਟ ਅਤੇ ਕੈਟਰਰਜ਼ ਦੇ ਨਾਲ ਪੇਸ਼ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਵਿੱਚ ਕਾਫੀ ਕਾਰਗਰ ਸਾਬਿਤ ਹੋਵੇਗੀ, ਕਿਉਂਕਿ ਇਨ੍ਹਾਂ ਥਾਵਾਂ ਤੋਂ ਲਏ ਗਏ ਸਾਮਾਨ ਦੀ ਸ਼ਿਕਾਇਤ ਅਤੇ ਕਾਰਵਾਈ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਪਰ,14 ਨੰਬਰ ਦਾ ਐਫਐਸਐਸਏਆਈ ਪੰਜੀਕਰਨ ਨੰਬਰ ਹੋਣ ਨਾਲ ਇਸਨੂੰ ਲੋਕੇਟ ਕਰਨ ਨਾਲ ਪਰੇਸ਼ਾਨੀ ਦਾ ਹੱਲ ਕਰਨ ਵਿੱਚ ਆਸਾਨੀ ਹੋਵੇਗੀ।



