
*ਥੈਲਾਸੀਮੀਆ ਦਾ ਮਰੀਜ਼ ਅਪੰਗਤਾ ਸਰਟੀਫਿਕੇਟ ਲਈ ਕਰ ਸਕਦਾ ਹੈ ਅਪਲਾਈ—ਸਿਵਲ ਸਰਜਨ*
ਜਲੰਧਰ *ਗਲੋਬਲ ਆਜਤੱਕ*
ਸਿਹਤ ਵਿਭਾਗ ਜਲੰਧਰ ਵਲੋਂ ਅਜ਼ਾਦੀ ਦੇ 75ਵੇਂ ਅਮ੍ਰਿਤ ਮਹੋਤਸਵ ਤਹਿਤ *“ਵਿਸ਼ਵ ਥੈਲਾਸੀਮੀਆ ਹਫਤਾਵਾਰ ਜਾਗਰੂਕਤਾ ਅਭਿਆਨ”* ਚਲਾਇਆ ਜਾ ਰਿਹਾ ਹੈ ਇਹ ਜਾਗਰੂਕਤਾ ਹਫਤਾ 14 ਮਈ ਤੱਕ ਮਨਾਇਆ ਜਾਵੇਗਾ।
ਇਸ ਜਾਗਰੂਕਤਾ ਅਭਿਆਨ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਦੱਸਿਆ ਗਿਆ ਕਿ ਏਸ ਵਾਰ *“ਜਾਗਰੂਕ ਰਹੋ, ਸਾਂਝਾ ਕਰੋ, ਸੰਭਾਲ ਕਰੋ”* ਥੀਮ ਦੇ ਅੰਤਰਗਤ ਲੋਕਾਂ ਨੂੰ ਥੈਲਾਸੀਮੀਆ ਰੋਗ ਤੋਂ ਜਾਣੂ ਕਰਵਾਉਣ ਦੇ ਮਨੋਰਥ ਨਾਲ *“ਵਿਸ਼ਵ ਥੈਲਾਸੀਮੀਆ ਜਾਗਰੂਕਤਾ ਹਫਤਾ”*
ਮਨਾਇਆ ਜਾ ਰਿਹਾ ਹੈ। ਥੈਲਾਸੀਮੀਆ ਇੱਕ ਜੈਨੇਟਿਕ ਰੋਗ ਹੈ। ਇਸ ਬਿਮਾਰੀ ਨਾਲ ਸਰੀਰ ਵਿੱਚ ਖੂਨ ਦੇ ਲਾਲ ਸੈੱਲ ਬਣਨ ਦੀ ਸ਼ਕਤੀ ਘੱਟ ਜਾਂ ਖਤਮ ਹੋ ਜਾਣ ਕਾਰਣ ਮਰੀਜ਼ ਨੂੰ ਉਮਰ ਭਰ ਹਰ 15-20 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ ।ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਗਰਭਵਤੀ ਅੋਰਤਾਂ ਨੂੰ ਖਾਸ ਤੌਰ ‘ਤੇ ਪਹਿਲੀ ਤਿਮਾਹੀ ਵਿੱਚ, ਵਿਆਹਯੋਗ ਅਤੇ ਵਿਆਹੇ ਜੋੜਿਆਂ ਨੂੰ ਥੈਲਾਸੀਮੀਆ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਇਹ ਟੈਸਟ ਜਿਲ੍ਹਾ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਥੈਲਾਸੀਮੀਆ ਅਤੇ ਹੀਮੋਫੀਲੀਆ ਦਾ ਮਰੀਜ਼ ਅਪੰਗਤਾ ਸਰਟਫਿਕੇਟ ਲਈ ਵੀ ਅਪਲਾਈ ਕਰ ਸਕਦਾ ਹੈ।
—————————————-
ਥੇਲੇਸੀਮੀਆ ਤੋਂ ਪੀੜ੍ਹਿਤ ਮਰੀਜ਼ਾਂ ਲਈ ਟੈਸਟਿੰਗ ‘ਤੇ ਕਾਊਂਸਲਿੰਗ, ਬਲੱਡ ਕਲੈੱਕਸ਼ਨ ਅਤੇ ਟਰਾਂਸਪੋਰਟੇਸ਼ਨ ਤੋਂ ਇਲਾਵਾ ਆਈਸੀਸੀਐੱਚਐੱਚ (ਇੰਟੀਗ੍ਰੇਟਡ ਕੇਅਰ ਫਾਰ ਹਿਮੋਗਲੋਬੀਨੋਪੈਥੀ ਐਂਡ ਹੀਮੋਫੀਲੀਆ) ਵਿੱਚ ਮੁਫਤ ਦਵਾਈਆਂ ਵੀ ਦਿੱਤੀਆ ਜਾਂਦੀਆ ਹਨ। ਹਰ ਥੈਲਾਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਲੋਂ ਮੁਫਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਆਰਬੀਐਸਕੇ ਅਧੀਨ ਆਂਗਨਵਾੜੀ ਕੇਂਦਰਾਂ, ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਵਿੱਚ ਅਨੀਮੀਆ ਜਾਂਚ ਲਈ ਟੈਸਟ ਅਤੇ ਇਲਾਜ ਮੁਫਤ ਕੀਤੇ ਜਾਂਦੇ ਹਨ।
ਥੈਲਾਸੀਮੀਆ ਦੇ ਲੱਛਣਾਂ ਸੰਬੰਧੀ ਜਾਣਕਾਰੀ ਦਿੰਦਿਆ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਸਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ, ਚਮੜੀ ਦਾ ਪੀਲਾ ਹੋਣਾ, ਚਿਹਰੇ ਦੀ ਬਣਾਵਟ ਵਿੱਚ ਬਦਲਾਅ, ਜਿਆਦਾ ਕਮਜੋਰੀ ਤੇ ਥਕਾਵਟ, ਜਿਗਰ ਤੇ ਤਿੱਲੀ ਦਾ ਵੱਧਣਾ ਥੈਲਾਸੀਮੀਆ ਦੇ ਮੁੱਖ ਲੱਛਣ ਹਨ। ਉਨ੍ਹਾਂ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਤਾਂ ਜੋ ਮਾਨਵਤਾ ਦੀ ਸੇਵਾ ਕਰਦਿਆਂ ਥੈਲਾਸੀਮੀਆ ਰੋਗ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਖੂਨ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।



