JalandharPunjab

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਨੇ ਤਿੰਨ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ

ਕਿਸਾਨ ਬੀਬੀਆਂ ਨੂੰ ਸਬਜ਼ੀਆਂ ਅਤੇ ਫ਼ਲਾਂ ਤੋਂ ਪਦਾਰਥ ਬਣਾਉਣ ਦੀ ਦਿੱਤੀ ਸਿਖਲਾਈ

ਮੁੱਖ ਖੇਤੀਬਾੜੀ ਅਫ਼ਸਰ ਨੇ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੂੰ ਵੰਡੇ ਸਰਟੀਫਿਕੇਟ
ਜਲੰਧਰ, 5 ਅਗਸਤ (ਅਮਰਜੀਤ ਸਿੰਘ ਲਵਲਾ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ ਵੱਲੋਂ ਆਤਮਾ ਸਕੀਮ ਅਧੀਨ ਪਿੰਡ ਭੂਦੀਆਂ ਬਲਾਕ ਭੋਗਪੁਰ ਵਿਖੇ ਲਗਭਗ 30 ਕਿਸਾਨ ਬੀਬੀਆਂ ਲਈ 3 ਦਿਨਾਂ ਸਿਖਲਾਈ ਪ੍ਰੋਗਰਾਮ ਚਲਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਕਿਸਾਨ ਬੀਬੀਆਂ ਨੂੰ ਸਬਜ਼ੀਆਂ ਅਤੇ ਫਲਾਂ ਤੋਂ ਪਦਾਰਥ ਬਣਾਉਣ ਦੀ ਸਿਖਲਾਈ ਦਿੱਤੀ ਗਈ।

ਮਹਿਕਮਾ ਬਾਗਬਾਨੀ ਦੇ ਮਾਹਿਰਾਂ ਦੇ ਸਹਿਯੋਗ ਨਾਲ ਪੇਂਡੂ ਔਰਤਾਂ ਲਈ ਲਗਾਏ ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੂੰ ਸਰਟੀਫਿਕੇਟ ਜਾਰੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਆਤਮਾ ਸਕੀਮ ਅਧੀਨ ਲਗਾਏ ਇਸ ਸਿਖਲਾਈ ਪ੍ਰੋਗਰਾਮ ਦਾ ਮਕਸਦ ਪੇਂਡੂ ਔਰਤਾਂ ਨੂੰ ਖੁਦ ਮੁਖਤਿਆਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਘਰਾਂ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਸੰਭਾਲ ਕਰਨ ਹਿੱਤ ਜਾਗਰੂਕ ਵੀ ਕਰਨਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ ਅਤੇ ਫ਼ਲਾਂ ਤੋਂ ਪਦਾਰਥ ਬਣਾਉਣ ਸਬੰਧੀ ਸਿਖਲਾਈ ਹਾਸਲ ਕਰ ਕੇ ਜਿਥੇ ਕਿਸਾਨ ਔਰਤਾਂ ਨੇ ਆਪਣੇ ਹੁਨਰ ਵਿੱਚ ਵਾਧਾ ਕੀਤਾ ਹੈ ਉਥੇ ਇਹ ਔਰਤਾਂ ਇਸ ਕੰਮ ਨੂੰ ਵੱਡੇ ਪੱਧਰ ‘ਤੇ ਕਰ ਕੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪਿੰਡ ਦੇ ਸਕੂਲ ਵਿੱਚ ਇਨ੍ਹਾਂ ਸਿਖਿਆਰਥੀ ਕਿਸਾਨ ਬੀਬੀਆਂ ਅਤੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਫ਼ਲਦਾਰ ਬੂਟੇ ਵੀ ਲਗਾਏ ਗਏ। ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਸਿਖਲਾਈ ਉਪਰੰਤ ਇਹ ਕਿਸਾਨ ਬੀਬੀਆਂ ਸਵੈ ਸਹਾਇਤਾ ਸਮੂਹ ਅਤੇ ਫਾਰਮਰਜ਼ ਪ੍ਰੋਡਿਊਸ ਆਰਗੇਨਾਈਜ਼ੇਸ਼ਨ ਬਣਾ ਕੇ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਵੀ ਲੈ ਸਕਦੀਆਂ ਹਨ।
ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਡਾ. ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਖਲਾਈ 3 ਅਗਸਤ ਤੋਂ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੌਰਾਨ ਲਗਭਗ 30 ਔਰਤਾਂ ਨੂੰ ਆਚਾਰ, ਚੱਟਨੀਆਂ, ਸੁਕੈਸ਼, ਮੁਰੱਬਾ, ਕੈਚਅੱਪ ਆਦਿ ਬਣਾਉਣ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਫ਼ਲਾਂ ਅਤੇ ਸਬਜ਼ੀਆਂ ਤੋਂ ਪਦਾਰਥ ਬਣਾਉਣ ਲਈ ਵੱਡੇ ਪੱਧਰ ‘ਤੇ ਕੰਮ ਕਰਨ ਅਤੇ ਇਨ੍ਹਾਂ ਦੇ ਮੰਡੀਕਰਨ ਲਈ ਪੈਕਿੰਗ, ਲੇਬਲਿੰਗ ਆਦਿ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿਸਾਨ ਬੀਬੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫ਼ਲਾਂ ਅਤੇ ਸਬਜ਼ੀਆਂ ਸਬੰਧੀ ਕਿਤਾਬ ਮੁਫ਼ਤ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਆਤਮਾ ਸਕੀਮ ਅਧੀਨ ਇਨ੍ਹਾਂ ਵਾਸਤੇ ਹੋਰ ਸਿਖਲਾਈ ਸਹੂਲਤਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਡਾ. ਪਰਵੀਨ ਕੁਮਰੀ ਖੇਤੀਬਾੜੀ ਵਿਕਾਸ ਅਫ਼ਸਰ ਮੰਡੀਕਰਨ ਨੇ ਕਿਸਾਨ ਬੀਬੀਆਂ ਨੂੰ ਐਗਮਾਰਕ ਰਾਹੀਂ ਉਪਜ ਦੇ ਮੰਡੀਕਾਰੀ ਬਾਰੇ ਜਾਣਕਾਰੀ ਦਿੱਤੀ। ਸਰਟੀਫਿਕੇਟ ਵੰਡ ਸਮਾਰੋਹ ਵਿੱਚ ਸ਼ਾਮਿਲ ਡਾ. ਪ੍ਰਿਤਪਾਲ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਪਿੰਡਾਂ ਵਿੱਚ ਕਿਸਾਨ ਔਰਤਾਂ ਲਈ ਕਾਫੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨ ਗਰੁੱਪਾਂ ਰਾਹੀਂ ਬਾਗਬਾਨੀ ਦਾ ਵਿਕਾਸ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਪਿੰਡ ਭੂਦੀਆਂ ਦੀਆਂ ਇਨ੍ਹਾਂ ਕਿਸਾਨ ਔਰਤਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਦਿੱਤੀ ਗਈ ਇਸ ਸਿਖਲਾਈ ਲਈ ਵਿਭਾਗ ਦਾ ਧੰਨਵਾਦ ਕੀਤਾ।
ਇਸ ਮੌਕੇ ਕਿਸਾਨ ਬੀਬੀ ਜਸਬੀਰ ਕੌਰ, ਸੁਰਿੰਦਰ ਕੌਰ ਅਤੇ ਪ੍ਰਿਆ ਪਿੰਡ ਭੂਦੀਆਂ ਨੇ ਕਿਹਾ ਕਿ ਉਹ ਇਸ ਸਿਖਲਾਈ ਤੋਂ ਬਾਅਦ ਪਿੰਡ ਵਿੱਚ ਵਪਾਰਕ ਪੱਧਰ ‘ਤੇ ਸਵੈ ਸਹਾਇਤਾ ਸਮੂਹ ਬਣਾ ਕੇ ਕੰਮ ਕਰਨਾ ਚਾਹੁੰਦੀਆਂ ਹਨ। ਇਸ ਮੌਕੇ ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫ਼ਸਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਗੁਰਭਗਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਭੋਗਪੁਰ ਅਤੇ ਬਲਾਕ ਭੋਗਪੁਰ ਅਧੀਨ ਸਮੁੱਚਾ ਖੇਤੀਬਾੜੀ ਸਟਾਫ਼ ਮੌਜੂਦ ਸੀ।

Related Articles

Leave a Reply

Your email address will not be published. Required fields are marked *

Back to top button
error: Content is protected !!