
ਖੇਤੀਬਾੜੀ ਅਫਸਰਾਂ ਨੂੰ ਖੇਤੀਬਾੜੀ ਸਕੀਮਾਂ ਕਿਸਾਨਾਂ ਤੱਕ ਤਨਦੇਹੀ ਨਾਲ ਪਹੁੰਚਾਉਣ ਦੀ ਹਦਾਇਤ—ਡਾ. ਸੁਰਿੰਦਰ ਸਿੰਘ
*ਖੇਤੀਬਾੜੀ ਅਫਸਰਾਂ ਨੂੰ ਖੇਤੀਬਾੜੀ ਸਕੀਮਾਂ ਕਿਸਾਨਾਂ ਤੱਕ ਤਨਦੇਹੀ ਨਾਲ ਪਹੁੰਚਾਉਣ ਦੀ ਹਦਾਇਤ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਖੇਤੀਬਾੜੀ ਅਧਿਕਾਰੀਆਂ ਦੀ ਸਟਾਫ ਮੀਟਿੰਗ ਹੋਈ, ਜਿਸ ਵਿੱਚ ਜਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਜੋ ਕਿ ਮਿਤੀ 5 ਐਪ੍ਰਲ ਨੂੰ ਨਕੋਦਰ ਵਿਖੇ ਲਗਾਇਆ ਗਿਆ, ‘ਤੇ ਸਮੂਹ ਕਿਸਾਨ ਭਲਾਈ ਸਕੀਮਾਂ ਦਾ ਰੀਵਿਊ ਕੀਤਾ ਗਿਆ। ਮੀਟਿੰਗ ਵਿੱਚ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕਰਦੇ ਹੋਏ ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਸਮੂਹ ਸਕੀਮਾਂ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਅਤੇ ਕਿਸੇ ਕਿਸਮ ਦੀ ਅਣਗਹਿਲੀ ਸਹਿਣ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਜ਼ਿਲ੍ਹੇ ਵਿੱਚ ਖਾਦਾਂ, ਕੀੜੇਮਾਰ ਦਵਾਈਆਂ ਦੀ ਸੇਲ ਸਟਾਕ ਰੀਵਿਊ ਕਰਦੇ ਹੋਏ ਕਿਹਾ ਕਿ ਸਮੂਹ ਇਨਪੁਟਸ ਵਿਕਰੇਤਾਵਾਂ ਦੇ ਸਟਾਕ ਨੂੰ ਧਿਆਨ ਵਿੱਚ ਰਖਦੇ ਹੋਏ ਸਮੇਂ-ਸਮੇਂ ‘ਤੇ ਖਾਦਾਂ, ਕੀੜੇਮਾਰ ਦਵਾਈਆਂ ਦੀ ਉਪਲਬੱਧਤਾ ਨੂੰ ਰਿਪੋਰਟ ਕੀਤਾ ਜਾਵੇ ਅਤੇ ਕਿਸੇ ਕਿਸਮ ਦੀ ਘਾਟ ਨੂੰ ਤੁਰੰਤ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੂੰ ਸੂਚਿਤ ਕੀਤਾ ਜਾਵੇ। ਉਹਨਾਂ ਨੇ ਇਸ ਸਾਲ ਸਾਉਣੀ 2022 ਦੋ ਟੀਚਿਆਂ ਦੀ ਪ੍ਰਾਪਤੀ ਲਈ ਹੁਣ ਤੋਂ ਹੀ ਯਤਨਸ਼ੀਲ ਹੋਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਕਿਸਾਨਾਂ ਦੇ ਖੇਤੀ ਖਰਚੇ ਘਟਾਉਣ ਲਈ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾਵੇ। ਮੀਟਿੰਗ ਵਿੱਚ ਸਮੂਹ ਖੇਤੀਬਾੜੀ ਅਫਸਰਾਂ, ਖੇਤੀਬਾੜੀ ਇੰਜੀਨੀਅਰ, ਆਤਮਾ ਸਟਾਫ, ਸਮੂਹ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਖੇਤੀਬਾੜੀ ਉਪ ਨਿਰੀਖਕ ਹਾਜ਼ਰ ਸਨ।



