
ਖੇਤੀਬਾੜੀ ਅਫਸਰਾਂ ਨੇ ਖਾਦ ਡੀਲਰਾਂ ਦੀ ਚੈਕਿੰਗ ਕਰਨ ਲਈ ਸਖਤ ਹਦਾਇਤ—ਮੁੱਖ ਖੇਤੀਬਾੜੀ ਅਫਸਰ
ਜਿਲ੍ਹਾ ਜਲੰਧਰ ਵਲੋਂ ਕਿਸਾਨਾਂ ਨੂੰ ਡੀਏਪੀ ਖਾਦ ਉਪਲੱਬਧ ਕਰਵਾਉਣ ਹਿੱਤ ਕੋਸ਼ਿਸ਼ਾਂ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਖੇਤੀਬਾੜੀ ਅਫਸਰਾਂ ਨੂੰ ਖਾਦ ਡੀਲਰਾਂ ਖੇਤੀਬਾੜੀ ਅਫਸਰਾਂ ਨੂੰ ਖਾਦ ਡੀਲਰਾਂ ਦੀ ਚੈਕਿੰਗ ਕਰਨ ਲਈ ਸਖਤ ਹਦਾਇਤ ਕੀਤੀ ਹੈ। ਮੁੱਖ ਖੇਤੀਬਾੜੀ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜਿਲ੍ਹਾ ਜਲੰਧਰ ਵਲੋਂ ਕਿਸਾਨਾਂ ਨੂੰ ਡੀਏਪੀ ਖਾਦ ਉਪਲੱਬਧ ਕਰਵਾਉਣ ਹਿੱਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਜਸਵੰਤ ਰਾਏ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮਾਨਯੋਗ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਦੇ ਅਦੇਸ਼ਾ ਅਨੁਸਾਰ ਜ਼ਿਲ੍ਹੇ ਵਿੱਚ ਸਮੂਹ ਖਾਦ ਵਿਕਰੇਤਾਵਾਂ ਦੀ ਚੈਕਿੰਗ ਕਰਦੇ ਹੋਏ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਜਿੱਥੇ ਆਪਣੀਆਂ ਦੁਕਾਨਾਂ ਦੇ ਬਾਹਰ ਖਾਦਾਂ ਦੇ ਸਟਾਕ ਦਾ ਪੂਰਾ ਵੇਰਵਾ ਨੋਟਿਸ ਬੋਰਡ ਤੇ ਦਰਸਾਉਣ ਉੱਥੇ ਸਹੀ ਰੇਟ ਤੇ ਬਗੈਰ ਕਿਸੇ ਟੈਗਿੰਗ ਤੋ ਕਿਸਾਨਾਂ ਨੂੰ ਖਾਦ ਮੁਹੱਇਆ ਕਰਵਾਉਣ। ਇਸ ਲੜੀ ਅਧੀਨ ਡਾ. ਜਸਵੰਤ ਰਾਏ ਨੇ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਖਾਦ ਡੀਲਰਾਂ ਦੀ ਵਿਆਪਕ ਚੈਕਿੰਗ ਕੀਤੀ ਅਤੇ ਮੌਕੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਡੀਏਪੀ ਖਾਦ ਦੇ ਉਪਲਭਧ ਸਟਾਕ ਅਨੁਸਾਰ 5 ਬੋਰੇ ਪ੍ਰਤੀ ਕਿਸਾਨ ਮੁਹੱਇਆ ਕਰਵਾਏ। ਡਾ. ਜਸਵੰਤ ਰਾਏ ਨੇ ਜਿਲ੍ਹੇ ਦੀਆ ਸਮੂਹ ਸਹਿਕਾਰੀ ਸਭਾਵਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੇ ਖਾਦ ਦੇ ਸਟਾਕ ਦਾ ਪੀਓਐੱਸ ਮਸ਼ੀਨਾਂ ਨਾਲ ਮਿਲਾਣ ਜਰੂਰ ਕਰਵਾਉਣ। ਡਾ. ਰਾਏ ਨੇ ਜਿਲ੍ਹੇ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਫਸਲ ਵਾਸਤੇ ਫਾਸਫੋਰਸ ਖੁਰਾਕੀ ਤੱਤ ਦੀ ਲੋੜ ਪੂਰੀ ਕਰਨ ਲਈ ਐੱਨਪੀਕੇ ਅਤੇ ਨਾਇਟ੍ਰੋਫਾਸਫੇਟ ਵਰਗੀਆਂ ਖਾਦਾਂ ਵੀ ਮਾਰਕੀਟ ਵਿੱਚ ਉਪਲੱਬਧ ਹਨ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਖਾਦਾਂ ਦੀ ਵਰਤੋਂ ਕਰਦੇ ਹੋਏ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਤਾਂ ਜੋ ਰਾਸ਼ਟਰੀ ਪੱਧਰ ਤੇ ਚੱਲ ਰਹੀ ਡੀਏਪੀ ਖਾਦ ਦੀ ਕਮੀ ਕਰਕੇ ਕਣਕ ਦੀ ਬਿਜਾਈ ਲੇਟ ਨਾ ਹੋਵੇ। ਉਹਨਾਂ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਸਹੂਲਤ ਲਈ ਜਿਲ੍ਹੇ ਦੇ ਹਰ ਖਾਦ ਵਿਕਰੇਤਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਖਾਦ ਵਿਕਰੀ ਕੇਂਦਰ ਦੇ ਬਾਹਰ ਸਬੰਧਤ ਬਲਾਕ ਖੇਤੀਬਾੜੀ ਅਫਸਰ ਅਤੇ ਖੇਤੀਬਾੜੀ ਵਿਕਾਸ ਅਫਸਰ ਦਾ ਮੋਬਾਇਲ ਨੰਬਰ ਮੋਟੇ ਅੱਖਰਾਂ ਵਿੱਚ ਜਰੂਰ ਲਿਖਵਾਉਣ।ਉਹਨਾ ਕਿਹਾ ਕਿ ਪਿਛਲੇ ਦਿਨੀ ਖਾਦ ਦੀ ਕਾਲਾਬਾਜ਼ਾਰੀ ਕਰਨ ਵਾਲੇ ਜ਼ਿਲੇ ਦੇ ਇੱਕ ਖਾਦ ਵਿਕਰੇਤਾ ਦਾ ਲਾਇਸੈਂਸ ਖੇਤੀਬਾੜੀ ਵਿਭਾਗ ਵੱਲੋਂ ਰੱਦ ਕੀਤਾ ਗਿਆ ਹੈ, ‘ਤੇ ਹੁਣ ਜੇਕਰ ਕੋਈ ਖਾਦ ਵਿਕਰੇਤਾ ਖਾਦ ਦੀ ਕਾਲਾਬਜ਼ਾਰੀ ਕਰਦਾ ਹੈ ਜਾਂ ਜਿਆਦਾ ਰੇਟ ਦੀ ਮੰਗ ਕਰਦਾ ਹੈ ਤਾਂ ਕਿਸਾਨ ਆਪਣੇ ਹਲਕੇ ਦੇ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ ਨੂੰ ਜਰੂਰ ਸੂਚਿਤ ਕਰਦੇ ਹੋਏ ਸ਼ਿਕਾਇਤ ਕਰਨ। ਡਾ. ਰਾਏ ਨੇ ਕਿਸਾਨ ਵੀਰਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਕਣਕ ਦਾ ਤਸਦੀਕ ਸ਼ੁਦਾ ਬੀਜ ਜੋ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫਤਰਾਂ ਵਿਖੇ ਪੁੱਜ ਚੁੱਕਾ ਹੈ ਨੂੰ ਪ੍ਰਾਪਤ ਕਰਦੇ ਹੋਏ ਅਤੇ ਬੀਜ ਦੀ ਸੋਧ ਕਰਨ ਉਪਰੰਤ ਹੀ ਕਣਕ ਦੀ ਸਮੇਂ ਸਿਰ ਬਿਜਾਈ ਨੂੰ ਨੇਪਰੇ ਚਾੜਨ।



