
ਖੇਤੀਬਾੜੀ ਵਿਭਾਗ ਵੱਲੋਂ ਅਗਾਂਹਵਧੂ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ
ਦਸੇਰੇ ਕਿਸਾਨਾਂ ਦੇ ਤਜ਼ਰਬੇ ਤੋਂ ਸੇਧ ਲੈਣ ਦੀ ਜ਼ਰੂਰਤ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਿਲ੍ਹਾ ਜਲੰਧਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਉਪਰੰਤ ਵੱਖ ਵੱਖ ਫਸਲਾਂ ਦੀ ਕਾਸ਼ਤ ਲਈ ਵੱਖ-ਵੱਖ ਉਪਰਾਲੇ ਕੀਤੇ ਗਏ ਹਨ। ਪਿੰਡ ਕੰਢੋਲਾ ਕਲਾਂ ਬਲਾਕ ਨੂਰਮਹਿਲ ਦੇ ਅਗਾਂਹਵਧੂ ਕਿਸਾਨ ਗੁਰਬਖਸ਼ ਸਿੰਘ ਵਲੋਂ 35 ਏਕੜ ਰਕਬੇ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਵਹਾ ਕੇ ਕੀਤੀ ਗਈ ਕਣਕ ਦੀ ਕਾਸ਼ਤ ਵਾਲੇ ਖੇਤਾਂ ਦਾ ਨਿਰੀਖਣ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ.ਸੁਰਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਵਿੱਚ ਅਜਿਹੇ ਅਗਾਂਹਵਧੂ ਅਤੇ ਰਾਹ ਦਸੇਰੇ ਕਿਸਾਨਾਂ ਦੀਆਂ ਉਦਾਹਰਣਾ ਦੂਜੇ ਕਿਸਾਨਾਂ ਨੂੰ ਪੇਸ਼ ਕੀਤੀਆ ਜਾ ਰਹੀਆਂ ਹਨ ਤਾਂ ਜੋ ਕਿ ਪਰਾਲੀ ਦੀ ਸੰਭਾਲ ਉਪਰੰਤ ਕਣਕ ਦੀ ਕਾਮਯਾਬ ਕਾਸ਼ਤ ਬਾਰੇ ਦੂਜੇ ਕਿਸਾਨਾ ਨੂੰ ਪ੍ਰੇਰਿਤ ਕੀਤਾ ਜਾ ਸਕੇ ਅਤੇ ਭਵਿੱਖ ਵਿੱਚ ਜ਼ਿਲ੍ਹੇ ਵਿੱਚ ਜ਼ੀਰੋ ਬਰਨਿੰਗ ਦੇ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕੇ। ਡਾ.ਸਿੰਘ ਨੇ ਕਿਹਾ ਕਿ ਇਸ ਕਿਸਾਨ ਨੇ 35 ਏਕੜ ਰਕਬੇ ਵਿੱਚ ਪਿਛਲੇ 3 ਸਾਲਾਂ ਦੌਰਾਨ ਲਗਾਤਾਰ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਹਾਉਂਦੇ ਹੋਏ ਕਣਕ ਦੀ ਕਾਸ਼ਤ ਕੀਤੀ ਹੈ, ‘ਤੇ ਕਿਸਾਨ ਅਨੁਸਾਰ ਇਸ ਤਰਾਂ ਕਰਨ ਨਾਲ ਖਾਦਾਂ ਦਾ ਇਸਤੇਮਾਲ ਘੱਟਣ ਤੋਂ ਇਲਾਵਾ ਕਣਕ ਵਿੱਚ ਨਦੀਨਾਂ ਦਾ ਵੀ ਹਮਲਾ ਘੱਟ ਨਜ਼ਰ ਆਇਆ ਹੈ। ਡਾ. ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਰਾਹ ਦਸੇਰੇ ਕਿਸਾਨਾਂ ਦੇ ਤਜ਼ਰਬੇ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਇਸ ਸੀਜਨ ਦੌਰਾਨ ਤਕਰੀਬਨ 2.50 ਲੱਖ ਏਕੜ ਰਕਬੇ ਵਿੱਚ ਕਿਸਾਨਾ ਵੱਲੋਂ ਕਣਕ ਦੀ ਖੋਤੀ ਪਰਾਲੀ ਨੂੰ ਜ਼ਮੀਨ ਵਿੱਚ ਵਹਾ ਕੇ ਕੀਤੀ ਗਈ ਹੈ। ਪਿੰਡ ਕੰਢੋਲਾ ਕਲਾਂ ਦੇ ਇਸ ਅਗਾਂਹਵਧੂ ਕਿਸਾਨ ਗੁਰਬਖਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਵੱਲੋਂ ਬਹੁਤ ਘੱਟ ਖਰਚਾ ਕਰਦੇ ਹੋਏ ਝੋਨੇ ਦੀ ਪਰਾਲੀ ਦੀ ਜ਼ਮੀਨ ਵਿੱਚ ਹੀ ਸੰਭਾਲ ਕੀਤੀ ਗਈ ਹੈ। ਕਿਸਾਨ ਅਨੁਸਾਰ ਸਭ ਤੋਂ ਪਹਿਲਾਂ ਸਟਰਾਅ ਮੈਨੇਜਮੇਂਟ ਸਿਸਟਮ ਵਾਲੀ ਕੰਬਾਇਨ ਹਾਰਵੈਸਟਰ ਮਸ਼ੀਨ ਰਾਂਹੀ ਝੋਨੇ ਦੀ ਵਾਢੀ ਕਰਨ ਉਪਰੰਤ ਖੜੇ ਝੋਨੇ ਦੇ ਮੁਢਾਂ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਅਤੇ ਉਪਰੰਤ ਰੀਪਰ ਨੂੰ ਖੇਤ ਵਿੱਚ ਚਲਾਇਆ ਗਿਆ। ਕਿਸਾਨ ਅਨੁਸਾਰ ਇਸ ਤਰੀਕੇ ਨਾਲ ਕਣਕ ਦੀ ਬਿਜਾਈ ਕਰਨ ਨਾਲ ਭਾਵੇਂ ਕਿ ਸ਼ੁਰੂਆਤ ਵਿੱਚ ਖੇਤ ਕੋਈ ਬਹੁਤਾ ਚੰਗਾਂ ਨਜ਼ਰ ਨਹੀਂ ਆਉਂਦਾ, ਪਰ ਬਾਅਦ ਵਿੱਚ ਜਿਵੇਂ ਕਣਕ ਦਾ ਜੰਮ ਹੂਮਦਾ ਹੈ ਅਤੇ ਫਸਲ ਉੱਚੀ ਹੁੰਦੀ ਹੈ, ਤਾਂ ਖੇਤ ਚੰਗੇ ਲੱਗਣ ਲਗ ਪੈਂਦੇ ਹਨ। ਉਹਨਾਂ ਦੱਸਿਆ ਕਿ ਇਸ ਤਰੀਕੇ ਰਾਂਹੀ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਦਾ ਬੇਹੱਦ ਘੱਟ ਖਰਚਾ ਆਉਂਦਾ ਹੈ ਅਤੇ ਖੇਤਾਂ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ, ‘ਤੇ ਕਿਸਾਨ ਵੱਲੋ ਇਸ ਵਿਧੀ ਰਾਂਹੀ ਕਣਕ ਦੀ ਕਾਸ਼ਤ ਪਿਛਲੇ 2 ਸਾਲਾਂ ਤੋਂ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਸਥਾਰ ਅਫਸਰ ਨੂਰਮਹਿਲ ਡਾ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਭਰ ਵਿੱਚ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਉਪਰੰਤ ਕਣਕ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਅਤੇ ਖੇਤੀਬਾੜੀ ਵਿਭਾਗ ਵੱਲੋਂ ਅਜਿਹੇ ਕਿਸਾਨਾਂ ਦੀਆਂ ਸਫਲ ਕਹਾਣੀਆਂ ਰਾਂਹੀ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।



