
ਖੇਤੀਬਾੜੀ ਵਿਭਾਗ ਵੱਲੌ 5 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
*ਕੈਂਪ ਵਿੱਚ ਸਾਉਣੀ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਅਤੇ ਪਾਣੀ ਬਚਾਉ ਪੰਜਾਬ ਬਚਾਉ ਲਈ ਵਿਆਪਕ ਮੁਹਿੰਮ ਚਲਾਈ ਜਾਵੇਗੀ—ਡਾ. ਸੁਰਿੰਦਰ ਸਿੰਘ*
ਜਲੰਧਰ *ਗਲੋਬਲ ਆਜਤੱਕ* (ਅਮਰਜੀਤ ਸਿੰਘ ਲਵਲਾ)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਿਲ੍ਹਾ ਜਲੰਧਰ ਵੱਲੋਂ ਜ਼ਿਲ੍ਹੇ ਭਰ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਾਉਣੀ ਦੀਆਂ ਫਸਲਾਂ ਸਬੰਧੀ ਅਤੇ ਪਾਣੀ ਬਚਾਉ ਪੰਜਾਬ ਬਚਾਉ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 5 ਅਪ੍ਰੈਲ ਨੂੰ ਲਵਲੀ ਪੈਲੇਸ, ਨਕੋਦਰ ਨੂਰਮਹਿਲ ਰੋਡ, ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਖੇਤੀ ਦੀਆਂ ਨਵੀਆਂ ਤਕਨੀਕਾਂ ਨਾਲ ਕਿਸਾਨਾ ਨੂੰ ਜੋੜਨ ਅਤੇ ਜਾਗਰੂਕ ਕਰਨ ਲਈ ਵੱਖ-ਵੱਖ ਖੇਤੀ ਨਾਲ ਆਧਾਰਿਤ ਵਿਭਾਗਾ ਅਤੇ ਜ਼ਿਲ੍ਹਾ ਜਲੰਧਰ ਦੇ ਅਗਾਂਹਵਧੂ ਕਿਸਾਨਾ ਵੱਲੋਂ ਇਸ ਮੌਕੇ ਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਜਲੰਧਰ ਵਿੱਚ ਹਾੜੀ ਦੌਰਾਨ ਕਣਕ ਹੇਠ ਤਕਰੀਬਨ 1.73 ਲੱਖ ਹੈਕਟੇਅਰ ਰਕਬਾ ਬੀਜਿਆ ਗਿਆ ਸੀ ਅਤੇ ਆਉਂਦੀ ਸਾਉਣੀ ਦੌਰਾਨ ਝੋਨੇ ਹੇਠ ਤਕਰੀਬਨ 1.72 ਲੱਖ ਹੈਕਟੇਅਰ ਰਕਬਾ ਬੀਜੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ।ਉਹਨਾ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ ਕਣਕ ਦੀ ਨਾੜ ਦੀ ਸੁੱਚਜੀ ਸੰਭਾਲ ਕਰਦੇ ਹੋਏ ਅਤੇ ਬੀਜ ਦੀ ਸੋਧ ਕਰਨ ਉਪਰੰਤ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਵਿਸ਼ੇਸ਼ ਜਾਣਕਾਰੀ ਇਸ ਕੈਂਪ ਵਿੱਚ ਕਿਸਾਨਾ ਨੂੰ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਦਮਾ ਦੇ ਮੱਦੇਨਜ਼ਰ ਇਸ ਕੈਂਪ ਵਿੱਚ ਖੇਤੀ ਵਿਭਿੰਨਤਾ ਲਈ ਵਿਸ਼ੇਸ਼ ਜਾਣਕਾਰੀਆਂ ਅਤੇ ਪ੍ਰਦਸ਼ਨੀਆਂ ਲਗਾਇਆਂ ਜਾਣਗੀਆਂ। ਡਾ. ਸਿੰਘ ਨੇ ਕਿਹਾ ਕਿ ਖੇਤੀ ਵਿਭਿੰਨਤਾਂ ਅਧੀਨ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੇਤੀ ਸਹਾਇਕ ਧੰਦੇ ਆਦਿ ਅਪਣਾਉਣ ਲਈ ਵੀ ਖਾਸ ਤੌਰ ਜਾਣਕਾਰੀ ਦੇਣ ਦੇ ਉਪਰਾਲੇ ਵੀ ਇਸ ਕੈਂਪ ਦੌਰਾਨ ਕੀਤੇ ਜਾਣਗੇ। ਡਾ. ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਮਾਨਯੋਗ ਸ਼੍ਰੀਮਤੀ ਇੰਦਰਜੀਤ ਕੌਰ ਮਾਨ, ਐਮਐਲਏ ਹਲਕਾ ਨਕੋਦਰ ਇਸ ਕੈਂਪ ਦੇ ਮੁੱਖ ਮਹਿਮਾਨ ਹੋਣਗੇ ਅਤੇ ਸਤਿਕਾਰਯੋਗ ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਇਸ ਕੈਂਪ ਦਾ ਉਦਘਾਟਨ ਸਵੇਰੇ 11 ਵਜੇ ਕਰਨਗੇ। ਡਿਪਟੀ ਕਮਿਸ਼ਨਰ ਜਲੰਧਰ ਮਾਨਯੋਗ ਘਨਸ਼ਿਆਮ ਥੋਰੀ ਆਈਏਐਸ ਇਸ ਕੈਂਪ ਦੀ ਪ੍ਰਧਾਨਗੀ ਕਰਨਗੇ। ਡਾ. ਸਿੰਘ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ 5 ਅਪ੍ਰੈਲ ਮੰਗਲਵਾਰ ਵਾਲੇ ਦਿਨ ਇਸ ਕੈਂਪ ਵਿੱਚ ਹੁੰਮ ਹੁੰਮਾਂ ਪੁੱਜਣ ਦੀ ਅਪੀਲ ਕੀਤੀ ਗਈ।



