
ਹਾਈ ਰਿਸਕ ਗਰਭਵਤੀ ਔਰਤਾਂ ਸਰਦੀ ਰੁੱਤ ਵਿੱਚ ਆਪਣਾ ਵਿਸ਼ੇਸ਼ ਧਿਆਨ ਰੱਖਣ—ਡਾ. ਰਣਜੀਤ ਸਿੰਘ ਘੋਤੜਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਸਿਹਤ ਵਿਭਾਗ ਜਲੰਧਰ ਵਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ (ਪੀਐਮਐਸਐਮਏ) ਦੇ ਤਹਿਤ ਵੀਰਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਸਿਹਤ ਕੇਂਦਰ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਦੇ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈਂਪ ‘ਚ ਅੋਰਤਾਂ ਦੇ ਰੋਗਾਂ ਦੇ ਮਾਹਿਰ ਡਾ. ਰਿੰਕੂ ਜੈਸਵਾਲ ਵਲੋਂ 95 ਦੇ ਕਰੀਬ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ ਤਹਿਤ ਹਰੇਕ ਮਹੀਨੇ ਦੀ 9 ਤਰੀਕ ਨੂੰ ਵਿਸ਼ੇਸ ਕੈਂਪ ਲਗਾ ਕੇ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ।
ਇਸ ਦਾ ਮਕਸਦ ਹਰੇਕ ਗਰਭਵਤੀ ਔਰਤ ਦਾ ਸਪੈਸ਼ਲਿਸਟ ਮਹਿਲਾ ਡਾਕਟਰ ਵੱਲੋਂ ਮੈਡੀਕਲ ਚੈੱਕਅਪ ਯਕੀਨੀ ਬਣਾਉਣਾ ਹੈ, ਤਾਂ ਜੋ ਜੱਚਾ ਅਤੇ ਬੱਚਾ ਦੀ ਸਿਹਤ ਠੀਕ ਰੱਖੀ ਜਾ ਸਕੇ ਅਤੇ ਗਰਭ ਅਵਸਥਾ ਦੌਰਾਨ ਔਰਤ ਅਤੇ ਉਸ ਦੇ ਹੋਣ ਵਾਲੇ ਬੱਚੇ ਨੂੰ ਆ ਸਕਣ ਵਾਲੀਆਂ ਪਰੇਸ਼ਾਨੀਆਂ ਦਾ ਪਹਿਲਾਂ ਤੋਂ ਹੀ ਪਤਾ ਲਗਾ ਕੇ ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਦਾ ਮਕਸਦ ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਧੇਰੇ ਧਿਆਨ ਦੇਣ ‘ਤੇ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ, ਖੂਨ ਦੀ ਕਮੀ, ਸ਼ੂਗਰ, ਮੋਟਾਪਾ ਆਦਿ ਦੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਸਰਦੀ ਰੁੱਤ ਨੂੰ ਦੇਖਦੇ ਹੋਏ ਆਪਣਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਖਾਣ-ਪੀਣ ਦਾ ਧਿਆਨ ਰੱਖਦੇ ਹੋਏ ਪੋਸ਼ਟਿਕ ਆਹਾਰ ਦਾ ਸੇਵਨ ਕਰਨਾ ਚਾਹੀਦਾ ਹੈ।
ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਹੀ ਪੋਸ਼ਣ ਸਿਹਤਮੰਦ ਸਰੀਰ, ਸਿਹਤਮੰਦ ਦਿਮਾਗ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਆਧਾਰ ਹੈ। ਪੌਸ਼ਟਿਕ ਤੱਤਾਂ ਜਿਵੇਂ ਆਇਓਡੀਨ ਯੁਕਤ ਨਮਕ, ਵਿਟਾਮਿਨ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਖਣਿਜ ਅਤੇ ਫਾਈਬਰ ਆਦਿ ਦਾ ਸਾਡੀ ਰੋਜ਼ਾਨਾ ਖੁਰਾਕ ਵਿੱਚ ਬਹੁਤ ਯੋਗਦਾਨ ਹੁੰਦਾ ਹੈ। ਵਿਸ਼ੇਸ਼ ਤੌਰ ‘ਤੇ ਗਰਭਵਤੀ ਮਾਂਵਾਂ ਨੂੰ ਹਰੀਆਂ ਸਬਜੀਆਂ, ਫਲ, ਦਾਲਾਂ, ਦੁੱਧ, ਦਹੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਪੌਸ਼ਟਿਕ ਭੋਜਨ ਦੇ ਨਾਲ-ਨਾਲ ਸਾਨੂੰ ਆਪਣੇ ਆਲੇ-ਦੁਆਲੇ ਅਤੇ ਨਿੱਜੀ ਸਫਾਈ ਦਾ ਧਿਆਨ ਵੀ ਰੱਖਣਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗਰਭਵਤੀ ਔਰਤਾਂ ਲਈ ਫ੍ਰੀ ਐਂਬੂਲੈਸ ਸੇਵਾ 108 ਉਪਲੱਬਧ ਹੈ ਅਤੇ ਉਹ 108 ਨੰਬਰ ‘ਤੇ ਕਾਲ ਕਰਕੇ ਐਮਰਜੈਂਸੀ ਹਾਲਾਤਾਂ ਵਿੱਚ ਇਸਦਾ ਲਾਭ ਲੈ ਸਕਦੀਆਂ ਹਨ।



