JalandharPunjab

ਗੰਨੇ ਦੇ ਬਕਾਏ ’ਤੇ ਸਹਿਮਤੀ ਬਣੀ, ਭਾਅ ’ਤੇ ਰੇੜਕਾ ਕਾਇਮ ਪੰਜਾਬ ’ਚ ਕਿਸਾਨਾਂ ਵੱਲੋਂ ਸੜਕ ਅਤੇ ਰੇਲ ਚੱਕਾ ਰਹੇਗਾ ਜਾਮ

ਪੰਜਾਬ ’ਚ ਕਿਸਾਨਾਂ ਵੱਲੋਂ ਸੜਕ ਅਤੇ ਰੇਲ ਚੱਕਾ ਰਹੇਗਾ ਜਾਮ,
ਚੰਡੀਗੜ੍ਹ (ਗਲੋਬਲ ਆਜਤੱਕ ਬਿਊਰੋ)
ਪੰਜਾਬ ਦੇ ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਅਤੇ ਭਾਅ ਸੰਬੰਧੀ ਸ਼ੁਰੂ ਕੀਤੇ ਗਏ ਅੰਦੋਲਨ ਤਹਿਤ ਸੜਕ ਜਾਮ ਰੱਖਣ ਦਾ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਅੱਜ ਚੰਡੀਗੜ੍ਹ ਵਿਖ਼ੇ ਕਿਸਾਨਾਂ ਦੀ ਕੈਬਨਿਟ ਮੰਤਰੀ ਸੁਖ਼ਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਰਕਾਰ ਦੇ ਵਫ਼ਦ ਨਾਲ ਹੋਈ ਮੀਟਿੰਗ ਵਿੱਚ ਗੰਨੇ ਦੇ ਬਕਾਏ ’ਤੇ ਤਾਂ ਸਹਿਮਦੀ ਬਣਦੀ ਨਜ਼ਰ ਆਈ ਪਰ ਭਾਅ ਬਾਰੇ ਰੇੜਕਾ ਬਰਕਰਾਰ ਰਿਹਾ।
ਹੁਣ ਇਸ ਸੰਬੰਧੀ ਅਗਲੀ ਮੀਟਿੰਗ ਸੋਮਵਾਰ ਦੁਪਹਿਰ ਨੂੰ 3.30 ਵਜੇ ਜਲੰਧਰ ਦੇ ਸਰਕਟ ਹਾਊਸ ਵਿਖ਼ੇ ਹੋਵੇਗੀ ਜਿਸ ਵਿੱਚ ਸਰਕਾਰ ਵੱਲੋਂ ਖ਼ੇਤੀਬਾੜੀ ਮਾਹਿਰ ਕਿਸਾਨਾਂ ਨਾਲ ਗੰਨੇ ਦੇ ਲ਼ਾਗਤ ਖ਼ਰਚੇ ਸੰਬੰਧੀ ਚਰਚਾ ਕਰਨਗੇ।
ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅੱਜ ਹੋਈ ਮੀਟਿੰਗ ਵਿੱਚ ਵਰਕਿੰਗ ਗਰੁੱਪ ਆਨ ਸ਼ੂਗਰਕੇਨ ਡਿਵੈਲਪਮੈਂਟ ਦੇ ਨੁਮਾਇੰਦੇ ਰਾਣਾ ਗੁਰਜੀਤ ਸਿੰਘ ਐਮਐਲਏ, ਅਜੇਵੀਰ ਜਾਖ਼ੜ, ਚੇਅਰਮੈਨ ਪੰਜਾਬ ਸਟੇਟ ਫ਼ਾਰਮਰਜ਼ ਐਂਡ ਫ਼ਾਰਮ ਵਰਕਰਜ਼ ਕਮਿਸ਼ਨ, ਪੁਨੀਤ ਗੋਇਲ, ਮੈਨੇਜਿੰਗ ਡਾਇਰੈਕਟਰ ਸ਼ੂਗਰਫ਼ੈਡ ਪੰਜਾਬ ‘ਤੇ ਡਾ: ਗੁਲਜ਼ਾਰ ਸਿੰਘ ਸੰਘੇੜਾ ਪ੍ਰਮੁੱਖ ਗੰਨਾ ਬਰੀਡਰ, ਸ਼ੂਗਰਕੇਨ ਰਿਸਰਚ ਸਟੇਸ਼ਨ, ਕਪੂਰਥਲਾ ਨੇ ਭਾਗ ਲਿਆ ਜਦਕਿ ਕਿਸਾਨਾਂ ਵੱਲੋਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਬਾਲ, ਹਰਮੀਤ ਸਿੰਘ ਕਾਦੀਆਂ ਆਦਿ ਹਾਜ਼ਰ ਸਨ।
ਇਸ ਮੀਟਿੰਗ ਸੰਬੰਧੀ ਗੱਲਬਾਤ ਕਰਦਿਆਂ ਡੱਲੇਵਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਹੈ ‘ਤੇ ਇਸ ਲਈ ਕਿਸਾਨਾਂ ਵੱਲੋਂ ਜਲੰਧਰ ਲੁਧਿਆਣਾ ਹਾਈਵੇਅ ਅਤੇ ਰੇਲਵੇ ਟਰੈਕ ’ਤੇ ਸ਼ੁਰੂ ਕੀਤਾ ਚੱਕਾ ਜਾਮ ਅਤੇ ਰੇਲ ਰੋਕੋ ਕੋਈ ਫ਼ੈਸਲਾ ਹੋਣ ਤਕ ਜਾਰੀ ਰਹੇਗਾ।
ਇਹ ਵੀ ਦੱਸਿਆ ਗਿਆ ਕਿ ਗੰਨਾ ਕਾਸ਼ਤਕਾਰਾਂ ਦੀ ਕੁਲ ਬਕਾਇਆ ਰਕਮ 200 ਕਰੋੜ ਰੁਪਏ ਹੈ ਅਤੇ ਹੁਣ ਸਰਕਾਰ ਨਿੱਜੀ ਖੰਡ ਮਿੱਲਾਂ ਦੇ ਲਗਪਗ 45 ਕਰੋੜ ਦੇ ਬਕਾਏ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਲਗਪਗ 50 ਕਰੋੜ ਰੁਪਏ ਬਕਾਏ ਦੀ ਅਦਾਇਗੀ ਲਗਪਗ 15 ਦਿਨਾਂ ਦੇ ਅੰਦਰ ਕਰਨ ਲਈ ਸਹਿਮਤੀ ਬਣੀ ਹੈੇ।
ਉਹਨਾਂ ਦੱਸਿਆ ਕਿ ਸਰਕਾਰ ਅਜੇ ਤਕ ਵੀ ਗੰਨੇ ਦੀ ਪ੍ਰਤੀ ਕੁਇੰਟਲ ਲਾਗਤ ਕੀਮਤ 350 ਰੁਪਏ ਦਾ ਹਿਸਾਬ ਦੱਸ ਰਹੀ ਹੈ ਜਦਕਿ ਕਿਸਾਨਾਂ ਅਨੁਸਾਰ ਲਾਗਤ 392 ਰੁਪਏ ਪ੍ਰਤੀ ਕੁਇੰਟਲ ਹੈ ਜਿਸ ਦੇ ਆਧਾਰ ’ਤੇ ਕਿਸਾਨ 400 ਰੁਪਏ ਦਾ ਭਾਅ ਮੰਗ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੋਮਵਾਰ ਨੂੰ ਜਲੰਧਰ ਵਿਖ਼ੇ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਦੇ ਐਕਸਪਰਟ ਗਰੁੱਪ ਨੂੰ ਵੀ ਇਹ ਸਪਸ਼ਟ ਕਰ ਦਿੱਤਾ ਜਾਵੇਗਾ ਕਿ ਸਹੀ ਲਾਗਤ ਖ਼ਰਚਾ 392 ਰੁਪਏ ਪ੍ਰਤੀ ਕੁਇੰਟਲ ਹੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!