
ਖਰੜ ਵਿੱਚ ਘਰ-ਘਰ ਪ੍ਰਚਾਰ ਕਰਦੇ ਹੋਏ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ
ਚੰਡੀਗਡ਼੍ਹ (ਗਲੋਬਲ ਆਜਤੱਕ ਬਿਊਰੋ)
ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਰੜ ਵਿੱਚ ਘਰ-ਘਰ ਪ੍ਰਚਾਰ ਕਰਨ ‘ਤੇ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਉਨ੍ਹਾਂ ਨੂੰ 24 ਘੰਟਿਆਂ ਅੰਦਰ ਜਵਾਬ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਚੋਣਾਂ ਦੇ ਐਲਾਨ ਦੌਰਾਨ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ 15 ਜਨਵਰੀ ਤੱਕ ਕੋਈ ਵੀ ਰੈਲੀ ਜਾਂ ਨੁੱਕੜ ਮੀਟਿੰਗ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਦੂਜੇ ਪਾਸੇ ਕਾਂਗਰਸੀ ਮੰਤਰੀ ਨੇ ਵੀ ਕੇਜਰੀਵਾਲ ਦੇ ਡੋਰ-ਟੂ-ਡੋਰ ਪ੍ਰਚਾਰ ‘ਤੇ ਨਿਸ਼ਾਨਾ ਸਾਧਿਆ ਸੀ।
ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਮੋਹਾਲੀ ‘ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਖਰੜ ਵਿੱਚ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਪਾਰਟੀ ਉਮੀਦਵਾਰ ਅਨਮੋਲ ਗਗਨ ਮਾਨ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਪਟਿਆਲਾ ‘ਚ ਸ਼ਾਂਤੀ ਮਾਰਚ ਕੱਢਿਆ ਸੀ, ਫਿਰ ਉਸੇ ਦਿਨ ਕੋਰੋਨਾ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਦਿੱਲੀ ਪਹੁੰਚ ਕੇ ਕੇਜਰੀਵਾਲ ਖੁਦ ਵੀ ਕੋਰੋਨਾ ਪਾਜ਼ੀਟਿਵ ਨਿਕਲੇ।
ਮੰਤਰੀ ਰਾਜ ਕੁਮਾਰ ਵੇਰਕਾ ਨੇ ਚੋਣ ਕਮਿਸ਼ਨ ਤੋਂ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮੰਤਰੀ ਰਾਜ ਕੁਮਾਰ ਵੇਰਕਾ ਨੇ ਚੋਣ ਕਮਿਸ਼ਨ ਤੋਂ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਕੇਜਰੀਵਾਲ ਦੇ ਡੋਰ-ਟੂ-ਡੋਰ ਪ੍ਰਚਾਰ ਤੋਂ ਕਾਂਗਰਸ ਭੜਕ ਗਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਦੇ ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਜਦੋਂ ਵੀ ਆਉਂਦਾ ਹੈ, ਪੰਜਾਬ ਵਿੱਚ ਕੋਰੋਨਾ ਫੈਲਾ ਕੇ ਚਲਾ ਜਾਂਦਾ ਹੈ। ਕੇਜਰੀਵਾਲ ਪਹਿਲਾਂ ਵੀ ਆਏ ਸਨ ‘ਤੇ ਉਨ੍ਹਾਂ ਨੂੰ ਖੁਦ ਵੀ ਕਰੋਨਾ ਹੋ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ 15 ਜਨਵਰੀ ਤੱਕ ਪ੍ਰਚਾਰ ਨਾ ਕਰੇ। ਉਨ੍ਹਾਂ ਚੋਣ ਕਮਿਸ਼ਨ ਤੋਂ ਕੇਜਰੀਵਾਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਸੀਐਮ ਚੰਨੀ ਨੇ ਕੇਜਰੀਵਾਲ ਨੂੰ ਵੀ ਕੋਰੋਨਾ ਕਿਹਾ ਹੈ। ਚੰਨੀ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਲਈ ਕੋਰੋਨਾ ਹੈ, ਜੋ ਬਾਹਰੋਂ ਆ ਕੇ ਪੰਜਾਬ ‘ਤੇ ਰਾਜ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਉਹ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਵੀ ਕਹਿ ਚੁੱਕੇ ਹਨ।



