
ਸਮੁੱਚੇ ਪੋਲਿੰਗ ਸਟੇਸ਼ਨਾਂ ‘ਤੇ ਪੀਡਬਲਯੂਡੀ ਵੋਟਰਾਂ ਲਈ ਲੋੜੀਂਦੀਆਂ ਸਹੂਲਤਾਂ ਮੌਜੂਦ ਹੋਣਗੀਆਂ—ਘਨਸ਼ਿਆਮ ਥੋਰੀ
ਜਲੰਧਰ, (ਅਮਰਜੀਤ ਸਿੰਘ ਲਵਲਾ)
ਜ਼ਿਲ੍ਹੇ ਵਿਚ ਸਮੁੱਚੇ ਵੋਟਰਾਂ ਦੀ ਸਰਗਰਮ ਅਤੇ ਉਸਾਰੂ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਸਟ੍ਰਿਕਟ ਮੋਨੀਟਰਿੰਗ ਕਮੇਟੀ ਆਨ ਐਕਸੈਸਿਬਲ ਇਲੈਕਸ਼ਨਜ਼ (ਡੀਐਮਸੀਏਈ) ਦਾ ਗਠਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਜੋ ਕਿ ਇਸ ਕਮੇਟੀ ਦੇ ਚੇਅਰਮੈਨ ਵੀ ਹਨ, ਦੀ ਅਗਵਾਈ ਹੇਠ ਕਮੇਟੀ ਵੱਲੋਂ ਹਰ ਪੰਦਰਵਾੜੇ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਪਹੁੰਚਯੋਗ ਤੇ ਸੁਵਿਧਾਜਨਕ ਚੋਣ ਉਪਰਾਲਿਆਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਵਿਧਾਨ ਸਭਾ ਹਲਕਿਆਂ ਵਿੱਚ ਜੇਕਰ ਕੋਈ ਕਮੀਆਂ ਹਨ ਤਾਂ ਉਨ੍ਹਾਂ ਨੂੰ ਸਮੇਂ ਸਿਰ ਸੁਧਾਰੇ ਜਾਣ ਲਈ ਵਾਜਬ ਉਪਾਅ ਕੀਤੇ ਜਾਣਗੇ। ਕਮੇਟੀ ਵੱਲੋਂ ਜ਼ਿਲ੍ਹੇ ਭਰ ਵਿੱਚ 100 ਫੀਸਦੀ ਇਨਰੋਲਮੈਂਟ ਅਤੇ ਪੀਡਬਲਯੂਡੀ (ਪਰਸਨਜ਼ ਵਿਦ ਡਿਸਅਬਿਲਟੀਜ਼) ਵੋਟਰਾਂ ਦੀ ਭਾਗੀਦਾਰੀ ਦੇ ਮੱਦੇਨਜ਼ਰ ਵੱਖ-ਵੱਖ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਵ੍ਹੀਲਚੇਅਰਾਂ ਦੀ ਸਹੂਲਤ, ਪੀਡਬਲਯੂਡੀ ਵੋਟਰਾਂ ਦੀ ਮਦਦ ਲਈ ਬੂਥ ਵਲੰਟੀਅਰਾਂ ਦੀ ਤਾਇਨਾਤੀ, ਬਰੇਲ ਬੈਲਟ ਸ਼ੀਟ ਦੀ ਸਹੂਲਤ, ਹੈਲਪ ਡੈਸਕ, ਸਮਝਣ ਵਿੱਚ ਆਸਾਨ (ਤਸਵੀਰਾਂ ਵਾਲੇ ਪੋਸਟਰ), ਸੰਕੇਤ ਅਤੇ ਤਰਜੀਹੀ ਕਤਾਰ, ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਰੈਂਪ, ਪੀਣ ਵਾਲੇ ਪਾਣੀ ਅਤੇ ਪਖਾਨੇ ਦੀ ਸਹੂਲਤ ਤੋਂ ਇਲਾਵਾ ਚੋਣਾਂ ਵਾਲੇ ਦਿਨ ਪਿਕ ਐਂਡ ਡਰਾਪ ਟਰਾਂਸਪੋਰਟ ਸਹੂਲਤ ਤੋਂ ਇਲਾਵਾ ਪੀਡਬਲਯੂਡੀ ਵੋਟਰਾਂ ਲਈ ਵਾਹਨਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਸਬੰਧੀ ਫੀਲਡ ਇੰਜੀਨੀਅਰਾਂ, ਬੀਐਲਓਜ਼, ਪੋਲਿੰਗ ਅਫ਼ਸਰਾਂ, ਬੂਥ ਵਲੰਟੀਅਰਾਂ, ਰਾਜਨੀਤਿਕ ਪਾਰਟੀਆਂ ਦੇ ਏਜੰਟਾਂ ਅਤੇ ਪੁਲਿਸ ਫੋਰਸ ਨਾਲ ਸਿਖਲਾਈ ਸੈਸ਼ਨ ਵੀ ਕਰਵਾਇਆ ਜਾਵੇਗਾ।ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਦਿਵਿਆਂਗ ਵਿਅਕਤੀਆਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੰਚਾਂ ‘ਤੇ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ।
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਸਾਰੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਵਿਧਾਨ ਸਭਾ ਚੋਣ ਖੇਤਰ ਲਾਗੂਕਰਨ ਕਮੇਟੀਆਂ ਦਾ ਗਠਨ ਕਰਨ ਲਈ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਤੇ ਸਮੱਸਿਆਵਾਂ, ਕਮੀਆਂ ਦਾ ਹੱਲ ਕਰਨ ਲਈ ਸਮੁੱਚੇ ਪੋਲਿੰਗ ਸਟੇਸ਼ਨਾਂ ਦਾ ਸਰਵੇਖਣ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣ ਖੇਤਰ ਕਮੇਟੀਆਂ ਵੱਲੋਂ ਇਸ ਸਬੰਧੀ ਹਰ ਪੰਦਰਵਾੜੇ ਜ਼ਿਲ੍ਹਾ ਨਿਗਰਾਨ ਕਮੇਟੀ ਨੂੰ ਵਿਸਥਾਰਤ ਰਿਪੋਰਟ ਸੌਂਪੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਕਮੇਟੀ ਵੱਲੋਂ ਸਮੂਹ ਪੀਡਬਲਯੂਡੀ ਵੋਟਰਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਸਾਰੇ ਮਾਪਦੰਡਾਂ, ਰਣਨੀਤਕ ਢਾਂਚੇ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਚੋਣ ਯੋਜਨਾ ਤਿਆਰ ਕੀਤੀ ਜਾਵੇਗੀ।
21 ਮੈਂਬਰੀ ਜ਼ਿਲ੍ਹਾ ਕਮੇਟੀ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਇਸ ਦੇ ਚੇਅਰਮੈਨ ਵਜੋਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਕਨਵੀਨਰ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ (ਪੀਡਬਲਯੂਡੀ ਵੋਟਰ) ਮੈਂਬਰ ਸਕੱਤਰ ਵਜੋਂ ਸ਼ਾਮਲ ਕੀਤੇ ਗਏ ਹਨ। ਜਦਕਿ ਏਸੀ 30 ਤੋਂ 38 ਤੱਕ ਵਿਧਾਨ ਸਭਾ ਹਲਕਿਆਂ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰ, ਸਕੱਤਰ ਆਰਟੀਏ ਜਲੰਧਰ-ਕਮ-ਜ਼ਿਲ੍ਹਾਂ ਟਰਾਂਸਪੋਰਟਰ ਨੋਡਲ ਅਫ਼ਸਰ, ਦੋਵੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਪ੍ਰਾਇਮਰੀ) ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ, ਡਿਪਟੀ ਡਾਇਰੈਕਟਰ ਯੂਥ ਸਰਵਿਸਿਜ਼, ਜ਼ਿਲ੍ਹਾ ਖੇਡ ਅਫ਼ਸਰ, ਸਹਾਇਕ ਸਵੀਪ ਨੋਡਲ ਅਫ਼ਸਰ ਸੁਰਜੀਤ ਲਾਲ, ਚਾਨਣ ਐਸੋਸੀਏਸ਼ਨ ਫਾਰ ਐਮਆਰ ਚਿਲਡਰਨ ਦੇ ਪ੍ਰਦਾਨ ਅਮਰਜੀਤ ਸਿੰਘ ਆਨੰਦ, ਸਪਾਈਨਲ ਕੋਰਡ ਇੰਜਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ, ਮਾਧਵ ਸੇਵਾ ਸੁਸਾਇਟੀ ਦੇ ਪ੍ਰਧਾਨ ਵਿਵੇਕ ਜੋਸ਼ੀ, ਖੋਸਲਾ ਸਕੂਲ ਫਾਰ ਡੰਬ ਐਂਡ ਡੈਫ ਦੇ ਪ੍ਰਿੰਸੀਪਲ, ਰੈਡ ਕਰਾਸ ਸਕੂਲ ਫਾਰ ਡੈਫ, ਮਕਸੂਦਾਂ ਦੇ ਪ੍ਰਿੰਸੀਪਲ ਪੀਐਨ. ਸ਼ਰਮਾ, ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ, ਪਿੰਗਲਾ ਘਰ, ਗੁਲਾਬ ਦੇਵੀ ਰੋਡ ਜਲੰਧਰ ਦੇ ਮੈਨੇਜਰ, ਕੁਸ਼ਟ ਆਸ਼ਰਮ ਪਿੱਛੇ ਦੇਵੀ ਤਲਾਬ ਮੰਦਰ, ਜਲੰਧਰ ਦੇ ਮੈਨੇਜਰ ਅਤੇ ਰਾਸ਼ਟਰੀ ਅੰਧ ਵਿਦਿਆਲਿਆ, ਰਿਸ਼ੀ ਨਗਰ ਜਲੰਧਰ ਦੇ ਮੈਨੇਜਰ ਡੀਐਮਸੀਏਈ ਦੇ ਮੈਂਬਰ ਹੋਣਗੇ।



