
ਕਿਸਾਨਾਂ ਦੇ ਨਕਾਬ ‘ਚ ਸਿਆਸੀ ਗੁੰਡੇ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਦਬਾਉਨਾ ਚਾਹੁੰਦੇ ਹਨ—ਜੀਵਨ ਗੁਪਤਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਰਤਾਰਪੁਰ ਵਿਧਾਨ ਸਭਾ ਹਲਕੇ ‘ਤੋਂ ਉਮੀਦਵਾਰ ਸੁਰਿੰਦਰ ਮਹੇ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ਜਲੰਧਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਕਥਿਤ ਕਿਸਾਨਾਂ ਦੀ ਆੜ ‘ਚ ਸਿਆਸੀ ਗੁੰਡਿਆਂ ਵੱਲੋਂ ਹਮਲਾ ਕਰਨ ਦੇ ਦੋਸ਼ ਲਾਏ ਹਨ। ਜਲੰਧਰ ‘ਚ ਕੀਤੀ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੇ ਰਾਜ ‘ਚ ਸੂਬੇ ‘ਚ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਅੱਜ ਸੂਬੇ ਦਾ ਹਰ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਦਿਨ-ਦਿਹਾੜੇ ਕਤਲ, ਡਕੈਤੀਆਂ, ਲੁੱਟਾਂ-ਖੋਹਾਂ, ਚੋਰੀਆਂ, ਰਸਤੇ ਵਿੱਚ ਲੋਕਾਂ ਤੋਂ ਖੋਹਾਂ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹਿੰਦੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਜੋ ਸਿਆਸੀ ਗੁੰਡੇ ਕਿਸਾਨਾਂ ਦੀ ਆੜ ਵਿੱਚ ਭਾਜਪਾ ਉਮੀਦਵਾਰਾਂ ‘ਤੇ ਹਮਲੇ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ। ਪੰਜਾਬ ‘ਚ ਅੱਜ ਦੋ ਥਾਵਾਂ ‘ਤੇ ਭਾਜਪਾ ਉਮੀਦਵਾਰਾਂ ‘ਤੇ ਹਮਲੇ ਹੋਏ ਹਨ ਅਤੇ ਇਸ ਦੌਰਾਨ ਪੂਰਾ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਸੀ। ਜਿਸ ਕਾਰਨ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਸ਼ਮੂਲੀਅਤ ਇੱਕ ਵਾਰ ਫੇਰ ਸਾਹਮਣੇ ਆ ਗਈ ਹੈ। ਪੂਰੇ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਤੇਜ਼ੀ ਨਾਲ ਵਧ ਰਹੇ ਜਨਾਧਾਰ ਨੂੰ ਕੋਈ ਵੀ ਸਿਆਸੀ ਪਾਰਟੀ ਹਜ਼ਮ ਨਹੀਂ ਕਰ ਪਾ ਰਹੀ ਹੈ। ਉਹ ਆਪਣੀਆਂ ਕੋਝੀਆਂ ਹਰਕਤਾਂ ਨਾਲ ਡਰਾ ਧਮਕਾ ਕੇ ਭਾਜਪਾ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸੰਯੁਕਤ ਕਿਸਾਨ ਮੋਰਚਾ ਦੀ ਕੋਈ ਹੋਂਦ ਨਹੀਂ ਰਹੀ। ਇਹ ਇੱਕ ਸਿਆਸੀ ਪਾਰਟੀ ਬਣ ਚੁੱਕੀ ਹੈ ਜੋ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਅਜਿਹੀਆਂ ਘਟੀਆ ਹਰਕਤਾਂ ਕਰਕੇ ਪੂਰੇ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਕਿਸੇ ਵੀ ਪੱਧਰ ‘ਤੇ ਆਪਣੀ ਨਾਪਾਕ ਕੋਸ਼ਿਸ਼ ਨੂੰ ਪੂਰਾ ਨਹੀਂ ਕਰ ਪਾ ਰਿਹਾ ਹੈ ਅਤੇ ਇਸੇ ਹੜਬੜਾਹਟ ਵਿਚ ਉਹ ਅਜਿਹੀਆਂ ਹਰਕਤਾਂ ਕਰ ਰਿਹਾ ਹੈ।
ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਗਾ ਨੇ ਕਿਹਾ ਕਿ ਕਥਿਤ ਕਿਸਾਨ ਸਿਆਸੀ ਗੁੰਡੇ ਸੁਰਿੰਦਰ ਮਹੇ ਦੇ ਕਾਗਜ਼ ਪਾੜਨ ਦੀ ਪੂਰੀ ਤਿਆਰੀ ਨਾਲ ਆਏ ਸਨ ਤਾਂ ਜੋ ਉਨ੍ਹਾਂ ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਰੱਦ ਕਰਵਾ ਸੱਕਣ। ਪਰ ਉਹਨਾਂ ਦੀ ਨਾਪਾਕ ਕੋਸ਼ਿਸ਼ ਬੁਰੀ ਤਰ੍ਹਾਂ ਅਸਫਲ ਰਹੀ। ਕਿਉਂਕਿ ਸੁਰਿੰਦਰ ਮਹੇ ਆਪਣੀ ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਕਰਕੇ ਬਾਹਰ ਆ ਰਹੇ ਸਨ ਅਤੇ ਉਸ ਸਮੇਂ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਇਹ ਹਮਲਾ ਹੋਇਆ। ਰਾਜੇਸ਼ ਬਾਗਾ ਨੇ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਹਮਲੇ ਪਿੱਛੇ ਜੋ ਵੀ ਸਿਆਸੀ ਜਾਂ ਹੋਰ ਪਾਰਟੀ ਦਾ ਹੱਥ ਹੈ, ਪ੍ਰਸ਼ਾਸਨ ਇਸ ਦੀ ਜਾਂਚ ਕਰਕੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ।
ਕਰਤਾਰਪੁਰ ਤੋਂ ਭਾਜਪਾ ਦੇ ਉਮੀਦਵਾਰ ਸੁਰਿੰਦਰ ਮਹੇ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੇ ਲੁਕ ਕੇ ਆਪਣੀ ਜਾਨ ਨਾ ਬਚਾਈ ਹੁੰਦੀ ਤਾਂ ਰੱਬ ਜਾਣੇ ਅੱਜ ਉਨ੍ਹਾਂ ਦਾ ਕੀ ਹਾਲ ਹੁੰਦਾ? ਕਿਉਂਕਿ ਹਮਲਾਵਰ ਆਪਣੀ ਪੂਰੀ ਤਿਆਰੀ ਨਾਲ ਆਏ ਸਨ। ਉਹ ਕਿਸਾਨ ਨਹੀਂ ਸੀ, ਉਹ ਕਿਸਾਨੀ ਦੀ ਆੜ ਵਿੱਚ ਵਿਰੋਧੀ ਸਿਆਸੀ ਪਾਰਟੀਆਂ ਦੇ ਗੁੰਡੇ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾਵੇ। ਇਸ ਮੌਕੇ ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ, ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਚੰਦਰਸ਼ੇਖਰ ਚੌਹਾਨ, ਜ਼ਿਲ੍ਹਾ ਜਨਰਲ ਸਕੱਤਰ ਭਗਵੰਤ ਪ੍ਰਭਾਕਰ, ਸੂਬਾ ਜਨਰਲ ਸਕੱਤਰ ਯੁਵਾ ਮੋਰਚਾ ਨਰਿੰਦਰਪਾਲ ਸਿੰਘ ਢਿੱਲੋਂ, ਜ਼ਿਲ੍ਹਾ ਮੀਡੀਆ ਇੰਚਾਰਜ ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨ।



