
ਜਲੰਧਰ ਪਾਸਪੋਰਟ ਦਫ਼ਤਰ ਵਲੋਂ ਪਹਿਲਾਂ ਹੀ ਬਿਨੈਕਾਰਾਂ ਲਈ 180 ਤੋਂ 270 ਪ੍ਰਤੀ ਦਿਨ ਪੁਲਿਸ ਕਲੀਅਰੈਂਸ ਸਰਟੀਫਿਕੇਟ ਅਪੁਆਇੰਟਮੈਂਟ ਕੋਟਾ ਵਧਾਇਆ—ਆਰਪੀਓ
ਕਿਹਾ, ਨਿਰਵਿਘਨ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਪੁਖ਼ਤਾ ਯਤਨ
*ਬਿਨੈਕਾਰਾਂ ਨੂੰ ਸਲਾਟ ਦੀ ਉਪਲੱਬਤਾ ਵੈਬਸਾਈਟ www.passportindia.gov.in ’ਤੇ ਚੈਕ ਕਰਨ ਦੀ ਅਪੀਲ*
ਜਲੰਧਰ *ਗਲੋਬਲ ਆਜਤੱਕ*
ਖੇਤਰੀ ਪਾਸਪੋਰਟ ਅਫ਼ਸਰ ਸਤਪਾਲ ਨੇ ਦੱਸਿਆ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਾ ਅਪੁਆਇੰਟਮੈਂਟ ਕੋਟਾ ਪਹਿਲਾਂ ਹੀ 5 ਮਈ ਤੋਂ 180 ਤੋਂ 270 ਪ੍ਰਤੀ ਦਿਨ ਤੱਕ ਵਧਾ ਦਿੱਤਾ ਗਿਆ ਹੈ ਤਾਂ ਜੋ ਬਿਨੈਕਾਰਾਂ ਨੂੰ ਨਿਰਵਿਘਨ ‘ਤੇ ਸੁਚਾਰੂ ਢੰਗ ਨਾਲ ਪਾਸਪੋਰਟ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤਰੀ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਪਹਿਲਾਂ ਅਪੁਆਇੰਟਮੈਂਟ ਕੋਟਾ 135 ਪ੍ਰਤੀ ਦਿਨ ਸੀ ਜਿਸ ਨੂੰ ਵਧਾ ਕੇ 180 ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਵਧੀ ਮੰਗ ਨੂੰ ਦੇਖਦਿਆਂ ਖੇਤਰੀ ਪਾਸਪੋਰਟ ਦਫ਼ਤਰ ਵਲੋਂ ਇਸ ਨੂੰ ਵਧਾ ਕੇ 270 ਪ੍ਰਤੀ ਦਿਨ ਕਰ ਦਿੱਤਾ ਗਿਆ ਹੈ।
ਪਾਸਪੋਰਟ ਨਾਲ ਸਬੰਧਿਤ ਸੇਵਾਵਾਂ ਸਭ ਤੋਂ ਵਧੀਆ ਢੰਗ ਨਾਲ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਤਪਾਲ ਨੇ ਕਿਹਾ ਕਿ ਇਹ ਸੇਵਾਵਾਂ ਲੈਣ ਦੇ ਚਾਹਵਾਨ ਲੋਕਾਂ ਨੂੰ ਸਹਿਯੋਗ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਕਿਉਂਕਿ ਪਾਸਪੋਰਟ ਦਫ਼ਤਰ ਵਲੋਂ ਇਸ ਸਬੰਧੀ ਪਹਿਲਾਂ ਹੀ ਕਈ ਉਪਰਾਲੇ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਆਨਲਾਈਨ ਅਪਲਾਈ ਅਤੇ ਅਦਾਇਗੀ ਕਰਨ ਤੋਂ ਬਾਅਦ ਪਾਸਪੋਰਟ ਅਤੇ ਪੀਸੀਸੀ ਅਪੁਆਇੰਟਮੈਂਟ ਲਈ ਵੈਬਸਾਈਟ www.passportindia.gov.in ’ਤੇ ਚੈਕ ‘ਤੇ ਬੁੱਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਕਿਉਂਕਿ ਪਾਸਪੋਰਟ ਦਫ਼ਤਰ ਵਲੋਂ ਇਸ ਲਈ ਕਿਸੇ ਵੀ ਸੰਸਥਾ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਅਜਿਹੇ ਲੋਕਾਂ ਤੋਂ ਦੂਰ ਰਹਿਣ ਜੋ ਉਨ੍ਹਾਂ ਨਾਲ ਝੂਠੇ ਵਾਅਦੇ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿੱਧੇ ਤੌਰ ’ਤੇ ਪਾਸੋਪਰਟ ਸੇਵਾਵਾਂ ਲਈ ਵੈਬਸਾਈਟ www.passportindia.gov.in. ਦਾ ਲਾਭ ਉਠਾਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਦੇਸ ਭਰ ਵਿੱਚ ਪੀਸੀਸੀ ਪੁਆਇੰਟਮੈਂਟ ਦੀ ਮੰਗ ਵਿੱਚ ਬਹੁਤ ਵਾਧਾ ਹੋਣ ਕਰਕੇ ਇਸ ਵਧੀ ਮੰਗ ਨੂੰ ਮੌਜੂਦਾ ਸਮਰੱਥਾ ਦੇ ਮੁਕਾਬਲੇ ਸਲਾਟ ਵਿੱਚ ਵਾਧਾ ਕਰਕੇ ਪੂਰਾ ਕਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ।



