
ਸੁਵਿਧਾ ਕੈਂਪਾਂ ਨੂੰ ਇੱਕ ਛੱਤ ਹੇਠ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਮੁਹੱਈਆ ਕਰਾਉਣ ਦੀ ਵਿਲੱਖਣ ਪਹਿਲਕਦਮੀ ਕਰਾਰ ਦਿੱਤਾ ਜਲੰਧਰ (ਅਮਰਜੀਤ ਸਿੰਘ ਲਵਲਾ) ਇੱਕੋ ਛੱਤ ਹੇਠਾਂ 19 ਤੋਂ ਵੱਧ ਲੋਕ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਲਈ 7370 ਲੋਕਾਂ ਵੱਲੋਂ ਜ਼ਿਲ੍ਹੇ ਵਿੱਚ ਲਗਾਏ ਗਏ ਚਾਰੇ ਸੁਵਿਧਾ ਕੈਂਪਾਂ ਵਿੱਚ ਭਾਗ ਲਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੁਵਿਧਾ ਕੈਂਪ ਆਪਣੀ ਕਿਸਮ ਦਾ ਨਿਵੇਕਲਾ ਉਪਰਾਲਾ ਹਨ, ਜਿਨ੍ਹਾਂ ਵਿੱਚ ਸਮੂਹ ਸਰਕਾਰੀ ਵਿਭਾਗਾਂ ਨੂੰ ਇੱਕ ਮੰਚ ‘ਤੇ ਲਿਆ ਕੇ ਨਾਗਰਿਕਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਖੇ ਲਗਾਏ ਗਏ ਚਾਰੇ ਕੈਂਪਾਂ ਵਿੱਚ ਕੁੱਲ 7370 ਭਾਗੀਦਾਰਾਂ ਵੱਲੋਂ ਵੱਖ-ਵੱਖ ਸੇਵਾਵਾਂ ਲਈ ਅਪਲਾਈ ਕੀਤਾ ਗਿਆ ਹੈ।
ਇਸ ਵਿੱਚ ਪੰਜ ਮਰਲਾ ਪਲਾਟ ਅਲਾਟਮੈਂਟ ਲਈ 3593 ਅਰਜ਼ੀਆਂ, ਪੈਨਸ਼ਨ ਸਕੀਮਾਂ ਲਈ 272 ਅਰਜ਼ੀਆਂ, ਪੀਐਮਏਵਾਈ ਲਈ 765, ਆਈਐਚਐਚਐਲ ਲਈ 197, ਗੈਸ ਕੁਨੈਕਸ਼ਨਾਂ ਲਈ 344, ਐਸਐਸਬੀਵਾਈ ਲਈ 94, ਇੰਤਕਾਲ ਸਬੰਧੀ ਸੇਵਾਵਾਂ ਲਈ 777, ਮਨਰੇਗਾ ਜੌਬ ਕਾਰਡ ਲਈ 113, 2 ਕਿਲੋਵਾਟ ਤੱਕ ਦੇ ਲੋਡ ਦੇ ਬਕਾਇਆ ਬਿਜਲੀ ਬਿਲਾਂ ਦੀ ਮੁਆਫੀ ਲਈ 673, ਯੂਡੀਆਈਡੀ ਕਾਰਡਾਂ ਲਈ 81 ਅਤੇ ਪੀਐਮ ਸਵਾਨਿਧੀ ਸਕੀਮ ਲਈ 35 ਅਰਜ਼ੀਆਂ ਤੋਂ ਇਲਾਵਾ ਹਰਿਆਲੀ ਸਕੀਮ ਤਹਿਤ 700 ਪੌਦਿਆਂ ਦੀ ਵੰਡ ਸ਼ਾਮਲ ਹੈ।
ਜ਼ਿਲ੍ਹਾ ਵਾਸੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਸਮਾਂਬੱਧ ਅਤੇ ਸੁਚਾਰੂ ਢੰਗ ਨਾਲ ਪਹੁੰਚਾਉਣ ਦੀ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਇਨ੍ਹਾਂ ਸੁਵਿਧਾ ਕੈਂਪਾਂ ਨੂੰ ਸਫ਼ਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਅਜਿਹੇ ਹੋਰ ਕੈਂਪ ਲਗਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਜੋ ਭਲਾਈ ਸਕੀਮਾਂ ਦਾ ਲਾਭ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਸਕੇ।
ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਸ ਉਪਰਾਲੇ ਨੂੰ ਨਿਵੇਕਲੀ ਪਹਿਲ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਵਿੱਚ ਬਹੁਤ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਨੂੰ 19 ਭਲਾਈ ਸਕੀਮਾਂ ਜਿਨ੍ਹਾਂ ਵਿੱਚ ਬੱਸ ਪਾਸ, ਐਲਪੀਜੀ ਕੁਨੈਕਸ਼ਨ, ਬਕਾਇਆ ਬਿਜਲੀ ਬਿੱਲ ਮੁਆਫ਼ੀ, ਬਿਜਲੀ ਸਬੰਧੀ ਸ਼ਿਕਾਇਤਾਂ, ਸੀਐਲਯੂ, ਸਮਾਜਿਕ ਸੁਰੱਖਿਆ ਸਕੀਮਾਂ, ਸਰਬੱਤ ਸਿਹਤ ਬੀਮਾ ਯੋਜਨਾ, ਜਲ ਸਪਲਾਈ ਕੁਨੈਕਸ਼ਨ, ਮਾਲ ਵਿਭਾਗ, ਕਰਜ਼ੇ, ਪੰਜ ਮਰਲੇ ਦੇ ਪਲਾਟਾਂ ਦੀ ਅਲਾਟਮੈਂਟ, ਅਸ਼ੀਰਵਾਦ ਸਕੀਮ ਅਤੇ ਵਜ਼ੀਫ਼ਾ ਸਕੀਮ ਸ਼ਾਮਿਲ ਹਨ, ਲਈ ਫਾਰਮ ਭਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਕੈਂਪਾਂ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਲਗਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਜਿਥੇ ਵਿਭਾਗਾਂ ਵੱਲੋਂ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਸਨ ਕਿ ਸੁਵਿਧਾ ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।



