JalandharPunjab

ਜਲੰਧਰ ਵਿੱਚ 10 ਹੋਰ ਪੀਐਸਏ ਆਧਾਰਤ ਆਕਸੀਜਨ ਪਲਾਂਟ ਲੱਗਣਗੇ–ਡਿਪਟੀ ਕਮਿਸ਼ਨਰ

ਜਲੰਧਰ ਮੈਡੀਕਲ ਓ 2 ਦੇ ਉਤਪਾਦਨ ਵਿੱਚ ਆਤਮ ਨਿਰਭਰ ਜ਼ਿਲ੍ਹਾ ਬਣਨ ਦੇ ਬੇਹੱਦ ਕਰੀਬ

ਹਸਪਤਾਲਾਂ ਵਿੱਚ ਪੀਐਸਏ ਪਲਾਂਟ ਸਥਾਪਤ ਕਰਨ ਲਈ ਸਿਹਤ ਸੰਸਥਾਵਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਜ਼ਿਲ੍ਹਾ ਜਲੰਧਰ ਆਕਸੀਜਨ ਉਤਪਾਦਨ ਦੇ ਮਾਮਲੇ ਵਿੱਚ ਆਤਮ ਨਿਰਭਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ 10 ਹੋਰ ਪ੍ਰਾਈਵੇਟ ਹਸਪਤਾਲ ਆਪਣੇ ਹਸਪਤਾਲਾਂ ਵਿੱਚ ਪੀਐਸਏ ਆਧਾਰਿਤ ਆਕਸੀਜਨ ਪਲਾਂਟ ਲਗਾਉਣ ਦੀ ਪ੍ਰਕਿਰਿਆ ਵਿੱਚ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਰਨਜੀਤ ਹਸਪਤਾਲ, ਸਿੱਕਾ ਹਸਪਤਾਲ, ਕਿਡਨੀ ਹਸਪਤਾਲ, ਸੈਕਰਡ ਹਾਰਟ ਹਸਪਤਾਲ, ਗੁਲਾਬ ਦੇਵੀ ਹਸਪਤਾਲ, ਸਰਵੋਦਿਆ ਹਸਪਤਾਲ, ਜੋਹਲ ਹਸਪਤਾਲ, ਜੰਮੂ ਹਸਪਤਾਲ, ਇਨੋਸੈਂਟ ਹਾਰਟ ਹਸਪਤਾਲ, ਨਿਊਰੋ ਨੋਵਾ ਹਸਪਤਾਲ, ਕੇਅਰ ਮੈਕਸ ਹਸਪਤਾਲ, ਆਕਸਫੋਰਡ ਹਸਪਤਾਲ ‘ਤੇ ਘਈ ਹਸਪਤਾਲ ਸਮੇਤ 10 ਹਸਪਤਾਲਾਂ ਵੱਲੋਂ ਪੀਐਸਏ ਅਧਾਰਤ ਆਕਸੀਜਨ ਉਤਪਾਦਨ ਪਲਾਂਟ ਮੰਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਪਲਾਂਟ ਸਿਹਤ ਸੰਭਾਲ ਸੰਸਥਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ, ਜਿਸ ਨਾਲ ਉਹ ਆਕਸੀਜਨ ਉਤਪਾਦਨ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਸਕਣਗੀਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਿਵਲ ਹਸਪਤਾਲ, ਸੀਐਚਸੀ ਬਸਤੀ ਗੁਜ਼ਾਂ ਅਤੇ ਨਕੋਦਰ ਸਮੇਤ ਸਰਕਾਰੀ ਅਦਾਰਿਆਂ ਵਿਚ ਤਿੰਨ ਨਵੇਂ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਜਿਸ ਸਦਕਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ ਸੰਸਥਾਵਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਆਕਸੀਜਨ ਪਲਾਂਟਾਂ ਦੀ ਸਥਾਪਨਾ ਤੋਂ ਬਾਅਦ ਜ਼ਿਲ੍ਹੇ ਦੀ ਮੈਡੀਕਲ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਵਿੱਚ ਭਾਰੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਂਟਾਂ ਦੀ ਘੱਟੋ ਘੱਟ ਅਤੇ ਵੱਧ ਤੋਂ ਵੱਧ O2 ਉਤਪਾਦਨ ਸਮਰੱਥਾ 250 ਤੋਂ 750 ਐਲਪੀਐਮ ਤੱਕ ਹੋਵੇਗੀ।
ਘਨਸ਼ਿਆਮ ਥੋਰੀ ਨੇ ਅੱਗੇ ਕਿਹਾ ਕਿ ਦੂਜੀ ਲਹਿਰ ਦੌਰਾਨ ਓ 2 ਸੰਕਟ ਦਾ ਸਾਹਮਣਾ ਕਰਨ ਤੋਂ ਬਾਅਦ ਜ਼ਿਲ੍ਹੇ ਦੀ ਆਕਸੀਜਨ ਉਤਪਾਦਨ ਸਮਰੱਥਾ ਵਿੱਚ ਵਾਧਾ ਕਰਨ ਲਈ ਕੁਝ ਮਹੀਨੇ ਪਹਿਲਾਂ ਇੱਕ ਵਿਸ਼ਾਲ ਅਭਿਆਸ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੀਮਨ ਸੁਪਰ ਸਪੈਸ਼ਲਿਟੀ, ਐਨਐਚਐਸ, ਨਿਊ ਰੂਬੀ, ਅਰਮਾਨ, ਰਤਨ, ਜੋਸ਼ੀ, ਗਲੋਬਲ, ਟੈਗੋਰ, ਪਟੇਲ, ਕੈਪੀਟੋਲ ਹਸਪਤਾਲ ਅਤੇ ਪਿਮਸ ਸਮੇਤ ਕਈ ਹਸਪਤਾਲਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ‘ਤੇ ਪਹਿਲਾਂ ਹੀ ਆਪਣੇ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵੱਲੋਂ ਆਪਣੇ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦੇ ਨਾਲ ਇਹ ਪਹਿਲ ਅਗਲੀਆਂ ਲਹਿਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਸਹਾਈ ਸਾਬਤ ਹੋਵੇਗੀ ਕਿਉਂਕਿ ਆਕਸੀਜਨ ਦੀ ਸਪਲਾਈ ਲਈ ਦੂਜੇ ਰਾਜਾਂ ‘ਤੇ ਨਿਰਭਰ ਨਹੀਂ ਹੋਣਾ ਪਵੇਗਾ।
ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਅਜਿਹੇ ਪਲਾਂਟ ਸਥਾਪਤ ਕਰਕੇ ਕੋਵਿਡ-19 ਮਹਾਂਮਾਰੀ ਖਿਲਾਫ਼ ਚੱਲ ਰਹੀ ਲੜਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਕਜੁੱਟਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਬਾਕੀ ਹਸਪਤਾਲਾਂ ਨੂੰ ਵੀ ਇਨ੍ਹਾਂ ਦੇ ਨਕਸ਼-ਏ-ਕਦਮਾਂ ‘ਤੇ ਚੱਲਣਾ ਚਾਹੀਦਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!