
ਸੂਬਾ ਸਰਕਾਰ ਪੇਂਡੂ ਖੇਤਰਾਂ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੇਂਡੂ ਖੇਤਰਾਂ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਛੇ ਵਿਕਾਸ ਬਲਾਕਾਂ ਵਿੱਚ 47 ਅਤਿ ਆਧੁਨਿਕ ਖੇਡ ਮੈਦਾਨਾਂ-ਕਮ-ਸਟੇਡੀਅਮਾਂ ਦੀ ਉਸਾਰੀ ਮੁਕੰਮਲ ਕੀਤੀ ਜਾ ਚੁੱਕੀ ਹੈ ਜਦਕਿ ਬਾਕੀ ਨੌਂ ਅੰਤਿਮ ਪੜਾਅ ਵਿੱਚ ਹਨ, ਜੋ ਕਿ ਅਗਲੇ 15 ਦਿਨਾਂ ਵਿੱਚ ਮੁਕੰਮਲ ਕਰ ਲਏ ਜਾਣਗੇ।
ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਜਿਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਸਪ੍ਰੀਤ ਸਿੰਘ ਵੀ ਮੌਜੂਦ ਸਨ, ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 56 ਖੇਡ ਮੈਦਾਨਾਂ, ਸਟੇਡੀਅਮਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 47 ਸਫ਼ਲਤਾਪੂਰਵਕ ਮੁਕੰਮਲ ਹੋ ਚੁੱਕੇ ਹਨ। 47 ਖੇਡ ਮੈਦਾਨਾਂ ਵਿੱਚੋਂ ਰੁੜਕਾ ਕਲਾਂ ਵਿਕਾਸ ਬਲਾਕ ਵਿੱਚ ਤਿੰਨ, ਆਦਮਪੁਰ ਅਤੇ ਮਹਿਤਪੁਰ ਬਲਾਕਾਂ ਵਿੱਚ ਤਿੰਨ-ਤਿੰਨ, ਨੂਰਮਹਿਲ, ਲੋਹੀਆਂ ਅਤੇ ਫਿਲੌਰ ਵਿੱਚ ਹਰੇਕ ਵਿੱਚ ਚਾਰ, ਭੋਗਪੁਰ ਵਿੱਚ ਪੰਜ ਖੇਡ ਮੈਦਾਨ ਬਣਾਏ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੱਸਿਆ ਕਿ ਇਹ ਸਾਰੇ ਖੇਡ ਮੈਦਾਨ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹਨ ਅਤੇ ਖੇਡ ਵਿਭਾਗ ਦੇ ਨਿਯਮਾਂ ਅਨੁਸਾਰ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਸਟੇਡੀਅਮਾਂ ਰਾਹੀਂ ਉਭਰਦੇ ਖਿਡਾਰੀਆਂ ਨੂੰ ਵੱਖ-ਵੱਖ ਖੇਡ ਸਮਾਗਮਾਂ ਲਈ ਵਧੀਆ ਢੰਗ ਨਾਲ ਸਿਖਲਾਈ ਪ੍ਰਦਾਨ ਕਰਨ ਲਈ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਹੋ ਸਕਣਗੀਆਂ, ਜਿਸ ਸਦਕਾ ਪਿੰਡ ਪੱਧਰ ‘ਤੇ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ।
ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਇਸ ਪੂਰੇ ਪ੍ਰਾਜੈਕਟ ਲਈ 447.51 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਵਿੱਚੋਂ ਲਗਭਗ 357.18 ਲੱਖ ਰੁਪਏ ਮਗਨਰੇਗਾ ਅਤੇ ਕਨਵਰਜੈਂਸ ਤਹਿਤ ਪਹਿਲਾਂ ਹੀ 47 ਮਾਡਲ ਖੇਡ ਮੈਦਾਨਾਂ ‘ਤੇ ਖਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਖੇਡ ਮੈਦਾਨਾਂ ਵਿੱਚ ਵਾਲੀਬਾਲ ਤੇ ਬਾਸਕਟਬਾਲ ਕੋਰਟ, ਫੁੱਟਬਾਲ ਗਰਾਊਂਡ ਅਤੇ ਮਲਟੀਪਰਪਜ਼ ਸਟੇਡੀਅਮ ਆਦਿ ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਸਪ੍ਰੀਤ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਆਧੁਨਿਕ ਖੇਡ ਸਹੂਲਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਵਿੱਚ ਬਹੁਤ ਸਹਾਈ ਸਿੱਧ ਹੋਣਗੀਆਂ ਅਤੇ ਮਾਡਲ ਖੇਡ ਮੈਦਾਨ ਪੇਂਡੂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮਦਦਗਾਰ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਜ਼ਿਲ੍ਹੇ ਵਿੱਚ ਹੋਰ ਖੇਡ ਮੈਦਾਨ ਅਤੇ ਸਟੇਡੀਅਮ ਬਣਾਉਣ ਦੀ ਯੋਜਨਾ ਹੈ।



