
ਜਲੰਧਰ ਸਮੇਤ ਦੁਆਬਾ ਖੇਤਰ ਦੇ ਨੌਜਵਾਨਾਂ ਲਈ ਸੁਨਿਹਰੀ ਮੌਕਾ
ਅਪ੍ਰੈਂਟਿਸ ਲਗਾਉਣ ਲਈ ਰੇਲ ਕੋਚ ਫੈਕਟਰੀ ਵਿਖੇ ਅਪ੍ਰੈਂਟਿਸਸ਼ਿਪ ਮੇਲਾ 4 ਨੂੰ, 296 ਅਸਾਮੀਆਂ ਲਈ ਆਈਟੀਆਈ ਪਾਸ ਨੌਜਵਾਨਾਂ ਦੀ ਹੋਵੇਗੀ ਚੋਣ
ਸੂਬੇ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਵੀ ਲੱਗਣਗੇ ਮੇਲੇ
ਜਲੰਧਰ, 2 ਅਕਤੂਬਰ (ਅਮਰਜੀਤ ਸਿੰਘ ਲਵਲਾ)
ਜਲੰਧਰ ਸਮੇਤ ਦੁਆਬਾ ਖੇਤਰ ਦੇ ਆਈਟੀਆਈ ਪਾਸ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਅਪ੍ਰੈਂਟਿਸਸ਼ਿਪ ਸਿਖਲਾਈ ਯੋਜਨਾ ਤਹਿਤ 4 ਅਕਤੂਬਰ ਨੂੰ ਰੇਲ ਕੋਚ ਫੈਕਟਰੀ ਵਿਖੇ ‘ਅਪ੍ਰੈਂਟਿਸਸ਼ਿਪ ਮੇਲਾ’ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਤੇ ਅਦਾਰਿਆਂ ਦੀ ਸਹੂਲਤ ਲਈ ਸੂਬੇ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵੱਲੋਂ ਜ਼ਿਲ੍ਹਾ ‘ਤੇ ਤਹਿਸੀਲ ਪੱਧਰ ’ਤੇ ਵੀ ਇਹ ਮੇਲੇ ਲਗਾਏ ਜਾ ਰਹੇ ਹਨ।
ਸੂਬੇ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਦੇ ਹੁਨਰ ਨੂੰ ਵਿਕਸਤ ਕਰਕੇ ਸਵੈ ਰੋਜ਼ਗਾਰ ਤੇ ਨਾਮੀ ਕੰਪਨੀਆਂ ਵਿਚ ਨੌਕਰੀਆਂ ਲਈ ਕਾਬਿਲ ਬਣਾਉਣ ਦੇ ਮੰਤਵ ਨਾਲ ਇਹ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੇਲੇ ਦੌਰਾਨ ਨੌਜਵਾਨਾਂ ਦੀ ਸਹੂਲਤ ‘ਤੇ ਯੋਗ ਅਗਵਾਈ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਵਿਭਾਗੀ ਅਧਿਕਾਰੀਆਂ ਅਨੁਸਾਰ ਰੇਲ ਕੋਚ ਫੈਕਟਰੀ ਦੇ ਟੀਟੀਸੀ ਸੈਲ ਵਿਖੇ ਲੱਗਣ ਵਾਲੇ ਇਸ ਮੇਲੇ ਵਿਚ ਆਈਟੀਆਈ ਪਾਸ ਨੌਜਵਾਨਾਂ ਦੀ ਵੱਖ-ਵੱਖ ਟਰੇਡਾਂ ਵਿਚ 296 ਰੇਲਵੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਚੋਣ ਹੋਵੇਗੀ। ਇਨ੍ਹਾਂ ਵਿਚੋਂ 87 ਫਿਟਰ, ਵੈਲਡਰ 46, ਮਸੀਨਿਸ਼ਟ 35, ਪੇਂਟਰ ਜਨਰਲ 20, ਕਾਰਪੇਂਟਰ 24, ਇਲੈਕਟ੍ਰੀਸ਼ੀਅਨ 44, ਇਲੈਕਟ੍ਰਾਨਿਕਸ ਮਕੈਨਿਕ 13, ਰੈਫਰੀਜਰੇਸ਼ਨ 18 ‘ਤੇ ਮਕੈਨਿਕ ਦੀਆਂ 9 ਅਸਾਮੀਆਂ ਹਨ। ਚੁਣੇ ਗਏ ਅਪ੍ਰੈਂਟਿਸ ਨੂੰ ਪ੍ਰਤੀ ਮਹੀਨਾ ਸਟਾਈਪੈਂਡ ਵੀ ਮਿਲੇਗਾ।
ਨੌਜਵਾਨ ਇਨ੍ਹਾਂ ਮੇਲਿਆਂ ਵਿਚ ਭਾਗ ਲੈ ਕੇ ਆਪਣੇ ਆਪ ਨੂੰ ਰਜਿਸਟਰਡ ਕਰਨ ਤੋਂ ਇਲਾਵਾ www.apprenticeshipindia.org ਪੋਰਟਲ ਉੱਪਰ ਰਜਿਸਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਨਿਰਧਾਰਿਤ ਪ੍ਰੋਫਾਰਮਾ ਭਰਕੇ ਦਸਤਾਵੇਜ਼ਾਂ ਸਮੇਤ ਸੂਬੇ ਦੀ ਕਿਸੇ ਵੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਜਮ੍ਹਾ ਕਰਵਾ ਸਕਦੇ ਹਨ।



