ActionJalandharPunjab

ਜ਼ਿਲ੍ਹਾ ਪ੍ਰਸ਼ਾਸਨ ਨੇ ਭੀਖ ਮੰਗਣ ਦੀ ਸਮੱਸਿਆ ਦੇ ਖਾਤਮੇ ਲਈ ਸ਼ਹਿਰ ‘ਚ ਚਲਾਈ ਜਾਗਰੂਕਤਾ ਮੁਹਿੰਮ

ਅਧਿਕਾਰੀਆਂ ਨੇ ਲੋਕਾਂ ਨੂੰ ਭੀਖ ਦੇ ਕੇ ਭੀਖ ਮੰਗਣ ਨੂੰ ਉਤਸ਼ਾਹਿਤ ਨਾ ਕਰਨ ਦੀ ਕੀਤੀ ਅਪੀਲ
ਜਲੰਧਰ (ਅਮਰਜੀਤ ਸਿੰਘ ਲਵਲਾ)
ਭੀਖ ਮੰਗਣ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਹਿਰ ਵਿੱਚ ਭੀਖ ਮੰਗਣ ਵਿਰੋਧੀ ਮੁਹਿੰਮ ਚਲਾਈ ਗਈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਰੰਧਾਵਾ, ਡੀਸੀਪੀਓ ਅਜੈ ਭਾਰਤੀ, ਐਲਪੀਓ ਸੰਦੀਪ ਕੁਮਾਰ, ਵਿਸ਼ਾਲ ਦੱਤ ਦੇ ਨਾਲ ਚਾਈਲਡਲਾਈਨ ਜਲੰਧਰ ਦੇ ਮੈਂਬਰਾਂ ਕਮਲੇਸ਼, ਬਿੰਦੂ, ਲਵਲੀ ਅਤੇ ਕਿਰਨ ਬਾਲਾ ਦੀ ਟੀਮ ਨੇ ਬੀਐਮਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਨਕੋਦਰ ਚੌਕ ਅਤੇ ਹੋਰ ਪ੍ਰਮੁੱਖ ਇਲਾਕਿਆਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਆਪਣੇ ਮਾਤਾ-ਪਿਤਾ ਦੇ ਨਾਲ 2 ਬੱਚਿਆਂ ਨੂੰ ਭੀਖ ਮੰਗਦਿਆਂ ਦੇਖਿਆ। ਟੀਮ ਮੈਂਬਰਾਂ ਵੱਲੋਂ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਅਤੇ ਉਨ੍ਹਾਂ ਨੂੰ ਪੜ੍ਹਨ ਖਾਤਰ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ ਗਿਆ।

 

ਇਸ ਦੌਰਾਨ ਟੀਮ ਦੇ ਮੈਂਬਰਾਂ ਨੇ ਭੀਖ ਮੰਗਣ ਵਾਲੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਗੈਰ-ਕਾਨੂੰਨੀ ਕੰਮ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਅਜਿਹਾ ਨਾ ਹੋਣ ‘ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੈਂਬਰਾਂ ਵੱਲੋਂ ਵੱਖ-ਵੱਖ ਚੌਰਾਹਿਆਂ ‘ਤੇ ਯਾਤਰੀਆਂ ਨਾਲ ਵੀ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਭੀਖ ਦੇ ਕੇ ਭਿਖਾਰੀਆਂ ਖਾਸ ਕਰਕੇ ਬਾਲ ਭਿਖਾਰੀਆਂ ਨੂੰ ਉਤਸ਼ਾਹਿਤ ਨਾ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਭੀਖ ਮੰਗਣਾ ਸ਼ਹਿਰ ਵਿੱਚ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਖ਼ਤਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਟੀਮ ਨੂੰ ਭੀਖ ਮੰਗਣ ਵਾਲੇ ਲੋਕਾਂ ਨੂੰ ਫੜਨ ਅਤੇ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਪਾਬੰਦ ਕੀਤਾ ਗਿਆ ਹੈ। ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਆਦਤਨ ਭਿਖਾਰੀ ਵਾਰ-ਵਾਰ ਭੀਖ ਮੰਗਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸੇ ਤਰ੍ਹਾਂ ਕਿਸੇ ਬੱਚੇ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਵਿਅਕਤੀ ਨੂੰ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਕਿਸੇ ਅੰਗ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਨੂੰ ਭਾਰੀ ਜੁਰਮਾਨੇ ਸਮੇਤ 7 ਸਾਲ ਦੀ ਸਜ਼ਾ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਟੀਮ ਵੱਲੋਂ ਪੁਲਿਸ ਦੇ ਭੀਖ ਵਿਰੋਧੀ ਦਸਤੇ ਵੱਲੋਂ ਚਲਾਈ ਜਾਣ ਵਾਲੀ ਮੁਹਿੰਮ ਦੀ ਨਿਯਮਤ ਤੌਰ ‘ਤੇ ਨਿਗਰਾਨੀ ਕੀਤੀ ਜਾਵੇਗੀ।
ਇਸ ਦੌਰਾਨ ਡੀਪੀਓ ਗੁਰਮਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਭੀਖ ਦੇ ਕੇ ਭੀਖ ਮੰਗਣ ਨੂੰ ਉਤਸ਼ਾਹਿਤ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਾਗਰੂਕਤਾ ਮੁਹਿੰਮ ਉਪਰੰਤ ਸ਼ਹਿਰ ਵਿੱਚ ਇੰਨਫੋਰਸਮੈਂਟ ਸ਼ੁਰੂ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!